ਘਰ ’ਚੋਂ ਮੀਟਰ ਲਾਹੁਣ ’ਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਧਰਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਜੁਲਾਈ
ਬਾਦਸ਼ਾਹਪੁਰ ਦੇ ਬਿਜਲੀ ਗਰਿੱਡ ਵਿੱਚ ਤਾਇਨਾਤ ਪਾਵਰਕੌਮ ਦੇ ਐਸਡੀਓ ਦੀ ਅਗਵਾਈ ਵਿੱਚ ਕਰਮਚਾਰੀਆਂ ਵੱਲੋਂ ਘਰ ਵਿੱਚ ਲੱਗੇ ਦੋ ਮੀਟਰਾਂ ’ਚੋਂ ਇਕ ਮੀਟਰ ਲਾਹੁਣ ਖ਼ਿਲਾਫ਼ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸੂਬਾ ਆਗੂ ਹਰਭਜਨ ਸਿੰਘ ਬੁੱਟਰ ਦੀ ਅਗਵਾਈ ਵਿੱਚ ਗਰਿੱਡ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪਾਵਰਕੌਮ ਦੇ ਕਰਮਚਾਰੀਆਂ ਨੂੰ ਲਾਹਿਆ ਬਿਜਲੀ ਦਾ ਮੀਟਰ ਫਿਰ ਤੋਂ ਲਾਉਣਾ ਪਿਆ।
ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 24 ਘੰਟੇ ਬਿਜਲੀ ਸਪਲਾਈ ਮੁਫ਼ਤ ਦੇ ਵਾਅਦੇ ਕੀਤੇ ਸੀ, ਜੋ ਵਫ਼ਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪਹਿਲਾਂ ਪਿਤਾ ਨਾਲ ਵੱਖ ਹੋਏ ਪੁੱਤ ਦਾ ਬਿਜਲੀ ਮੀਟਰ ਅਲੱਗ ਨਾ ਲਾਏ ਜਾਣ ’ਤੇ ਜੁਰਮਾਨਾ ਕੀਤਾ ਜਾਂਦਾ ਸੀ ਪਰ ਹੁਣ ਲਾਏ ਗਏ ਅਜਿਹੇ ਮੀਟਰਾਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਕੱਟਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਵਿਭਾਗ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਜਰਨੈਲ ਸਿੰਘ, ਹਰਦੇਵ ਸਿੰਘ, ਜਸਵਿੰਦਰ ਸਿੰਘ, ਨਿਰਵੈਰ ਸਿੰਘ, ਜਰਨੈਲ ਸਿੰਘ ਕਲਵਾਣੂੰ, ਗੁਰਮੀਤ ਸਿੰਘ, ਬਲਜਿੰਦਰ ਸਿੰਘ, ਅਮਰ ਸਿੰਘ, ਸਾਹਿਬ ਸਿੰਘ ਦੁਤਾਲ, ਹਰਭਜਨ ਸਿੰਘ ਧੂਹੜ੍ਹ ਅਤੇ ਸੁਖਦੇਵ ਸਿੰਘ ਹਰਿਆਊ ਮੌਜੂਦ ਸਨ।
ਵਿਦੇਸ਼ ਗਏ ਵਿਅਕਤੀ ਦਾ ਮੀਟਰ ਲਾਹਿਆ: ਐੱਸਡੀਓ
ਪਾਵਰਕੌਮ ਦੇ ਐੱਸਡੀਓ ਕੈਲਾਸ਼ ਗਰਗ ਨੇ ਦੱਸਿਆ ਕਿ ਕਰਮਾਚਰੀਆਂ ਵੱਲੋਂ ਕੀਤੀ ਗਈ ਚੈਕਿੰਗ ਵਿੱਚ ਪਾਇਆ ਗਿਆ ਸੀ ਕਿ ਇੱਕ ਘਰ ਵਿੱਚ ਦੋ ਮੀਟਰ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਨਾਮ ’ਤੇ ਦੂਜਾ ਮੀਟਰ ਲੱਗਿਆ ਹੋਇਆ ਹੈ ਉਹ ਵਿਦੇਸ਼ ਗਿਆ ਹੋਇਆ ਹੈ, ਇਸ ਲਈ ਇਸ ਘਰ ਵਿੱਚ ਲੱਗਿਆ ਹੋਇਆ ਦੂਜਾ ਮੀਟਰ ਲਾਹਿਆ ਗਿਆ ਸੀ।