ਮੁਲਾਜ਼ਮਾਂ ਦੀਆਂ ਬਦਲੀਆਂ ਰੱਦ ਕਰਵਾਉਣ ਲਈ ਸਾਂਝਾ ਫੋਰਮ ਵੱਲੋਂ ਪ੍ਰਦਰਸ਼ਨ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ 4 ਜੁਲਾਈ
ਪਾਵਰ ਕਾਮ ਦਫ਼ਤਰ ਰਾਜਪੁਰਾ ਵੱਲੋਂ ਮੁਲਾਜ਼ਮਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਰੋਕਣ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਾਂਝੇ ਫੋਰਮ ਦੀਆਂ ਜਥੇਬੰਦੀਆਂ, ਟੈਕਨੀਕਲ ਸਰਵਿਸ ਯੂਨੀਅਨ, ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਐਕਸੀਅਨ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਨੇ ਐਕਸੀਅਨ ਬਿਜਲੀ ਬੋਰਡ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 7 ਜੁਲਾਈ ਤੱਕ ਮੁਲਾਜ਼ਮਾਂ ਦੀਆਂ ਕੀਤੀਆਂ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਸਮੁੱਚੇ ਮੁਲਾਜ਼ਮ ਵਰਗ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਮੁਲਾਜ਼ਮ ਆਗੂ ਸੁਖਦੇਵ ਸਿੰਘ ਭੰਗਲ, ਗੁਰਦੀਪ ਸਿੰਘ ਸੈਦਖੇੜੀ, ਸੁਨੀਲ ਕੁਮਾਰ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਵੱਲੋਂ ਐਕਸੀਅਨ ਰਾਜਪੁਰਾ ਨੂੰ ਪੱਤਰ ਭੇਜਿਆ ਸੀ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਮੁਲਾਜ਼ਮਾਂ ਦੀਆਂ ਬਦਲੀਆਂ ਨਾ ਕੀਤੀਆਂ ਜਾਣ। ਐਕਸੀਅਨ ਪਾਵਰਕੌਮ ਨੇ ਇਨ੍ਹਾਂ ਮੰਗਾਂ ਸਬੰਧੀ ਸਹਿਮਤੀ ਦਿੱਤੀ ਸੀ ਪਰ ਉਸ ਤੋਂ ਬਾਅਦ ਐਕਸੀਅਨ ਨੇ ਆਪਣੀ ਮਰਜ਼ੀ ਨਾਲ ਲਾਈਨਮੈਨਾਂ ਅਤੇ ਜੇਈ ਦੀਆਂ ਬਦਲੀਆਂ ਕਰ ਦਿੱਤੀਆਂ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇ ਮੁਲਾਜ਼ਮਾਂ ਦੀ ਘਾਟ ਹੈ ਤਾਂ ਇਸ ਘਾਟ ਨੂੰ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਸੂਚਿਤ ਕਰਕੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸਾਂਝੇ ਫੋਰਮ ਦੇ ਆਗੂਆਂ ਨੇ ਬਿਜਲੀ ਨਿਗਮ ਦੇ ਐਕਸੀਅਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਬਦਲੀ ਕੀਤੇ ਗਏ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਹਿਲਾਂ ਵਾਲੇ ਸਟੇਸ਼ਨਾਂ ’ਤੇ ਨਾ ਲਗਾਇਆ ਗਿਆ ਤਾਂ ਅਣਮਿਥੇ ਸਮੇਂ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਚਰਨ ਸਿੰਘ ਜੰਡੋਲੀ, ਬਲਵੀਰ ਸਿੰਘ, ਜੇਈ ਗੁਰਮੀਤ ਸਿੰਘ, ਨਿਸ਼ਾਨ ਸਿੰਘ, ਦਵਿੰਦਰ ਬਾਵਾ, ਰਣਜੀਤ ਕਲਸੀ, ਗੁਰਬਚਨ ਸਿੰਘ, ਜੀਵਨ ਸਿੰਘ, ਲਖਵੀਰ ਸਿੰਘ ਗੋਪਾਲਪੁਰ, ਕਰਮ ਚੰਦ, ਧਰਮਪਾਲ ਸ਼ਰਮਾ, ਚਰਨਜੀਤ ਸਿੰਘ ਅਤੇ ਕਰਨੈਲ ਸਿੰਘ ਨਰੜੂ ਹਾਜ਼ਰ ਸਨ।