ਗਹਿਣੇ ਤੇ ਨਕਦੀ ਚੋਰੀ ਕਰਨ ਵਾਲਾ ਕਾਬੂ
ਪੁਲੀਸ ਨੇ ਇੱਕ ਘਰ ’ਚੋਂ 25 ਤੋਲੇ ਸੋਨੇ ਦੇ ਗਹਿਣੇ ਤੇ 5.50 ਲੱਖ ਰੁਪਏ ਨਕਦੀ ਚੋਰੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਰਾਕੇਸ਼ ਕੁਮਾਰ ਉਰਫ ਮਨੀ ਵਾਸੀ ਗੜ੍ਹ ਮੁਹੱਲਾ ਸਮਾਣਾ ਨੂੰ ਨਕਦੀ ਤੇ ਸੋਨੇ ਦੇ ਗਹਿਣਿਆਂ ਸਮੇਤ ਕਾਬੂ ਕਰ ਲਿਆ ਹੈ। ਇਸ ਸਬੰਧੀ ਐੱਸਪੀ ਪਟਿਆਲਾ ਵੈਭਵ ਚੌਧਰੀ ਤੇ ਡੀਐੱਸਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਗਿਆ ਕਿ ਕੱਲ੍ਹ ਰਾਤ ਜਦੋਂ ਜੋਗਿੰਦਰ ਪਾਲ ਅਰੋੜਾ ਪੁੱਤਰ ਰਾਮਦਾਸ ਵਾਸੀ ਮਨਿਆਰਾ ਮੁਹੱਲਾ ਸਮਾਣਾ ਪਰਿਵਾਰ ਸਮੇਤ ਘਰੋਂ ਬਾਹਰ ਗਏ ਹੋਏ ਸਨ ਤਾਂ ਮੁਲਜ਼ਮ ਨੇ ਛੱਤ ਦੇ ਰਸਤਿਓਂ ਪੌੜੀਆਂ ਰਾਹੀਂ ਅੰਦਰ ਆ ਕੇ ਤਾਲੇ ਤੋੜੇ ਅਤੇ 5.50 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣਿਆਂ ਸਮੇਤ 30 ਲੱਖ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਲਗਭਗ 20 ਤੋਲੇ ਸੋਨੇ ਦੇ ਗਹਿਣੇ ਤੇ 2.36 ਲੱਖ ਰੁਪਏ ਦੇ ਨੋਟ ਬਰਾਮਦ ਕਰ ਲਏ ਹਨ। ਇਸ ਮੌਕੇ ਸਿਟੀ ਥਾਣਾ ਮੁੱਖੀ ਵਿੰਨਰਪ੍ਰੀਤ ਸਿੰਘ, ਸਦਰ ਥਾਣਾ ਮੁੱਖੀ ਅਜੇ ਕੁਮਾਰ ਪਰੋਚਾ, ਸੀ.ਆਈ.ਏ ਮੁਖੀ ਅੰਕੁਰਦੀਪ ਸਿੰਘ ਤੋਂ ਇਲਾਵਾ ਸਟਾਫ ਮੌਜੂਦ ਸੀ।
ਲੁੱਟ-ਖੋਹ ਦੇ ਦੋਸ਼ ਹੇਠ ਚਾਰ ਕਾਬੂ
ਪੁਲੀਸ ਅਧਿਕਾਰੀਆਂ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਕਿਰਾਏ ’ਤੇ ਟੈਕਸੀ ਲੈ ਕੇ ਉਸ ਦੇ ਡਰਾਈਵਰ ਰਾਕੇਸ਼ ਕੁਮਾਰ ਵਾਸੀ ਉੱਤਰ ਪ੍ਰਦੇਸ਼ ਨੂੰ ਬੰਧਕ ਬਣਾ ਕੇ ਮੋਬਾਈਲ, 79400 ਰੁਪਏ ਲੁੱਟਣ ਤੇ ਉਸ ਨੂੰ ਕਾਰ ’ਚੋਂ ਸੁੱਟ ਕੇ ਕਾਰ ਲੈ ਕੇ ਫਰਾਰ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਕੁੱਲੂ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਿੰਸ ਕੁਮਾਰ ਵਾਸੀ ਰਚਨਾ ਬਸਤੀ ਧੂਰੀ, ਰਾਮ ਉਰਫ ਸ਼ੁਭਮ ਵਾਸੀ ਕੱਕੜ ਚੌਕ ਧੂਰੀ, ਜਤਿਨ ਵਾਸੀ ਕੱਕੜਵਾਲ ਚੌਕ ਧੂਰੀ ਤੇ ਅਭੀ ਕੁਮਾਰ ਵਾਸੀ ਸੰਤ ਅਤਰ ਸਿੰਘ ਨਗਰ ਸੰਗਰੂਰ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਮੁਲਜ਼ਮ ਰਾਕੇਸ਼ ਕੁਮਾਰ 'ਤੇ ਐਨ.ਡੀ.ਪੀ.ਐਸ. ਐਕਟ, ਆਬਕਾਰੀ ਐਕਟ ਤੇ ਚੋਰੀ ਦੇ ਕੁੱਲ 7 ਮਾਮਲੇ ਪਹਿਲਾਂ ਵੀ ਦਰਜ ਹਨ।