ਰਵੇਲ ਸਿੰਘ ਭਿੰਡਰ
ਘੱਗਾ, 12 ਜੁਲਾਈ
ਹਲਕਾ ਸ਼ੁਤਰਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ’ਚ ਉੱਠੀ ਬਗ਼ਾਵਤ ਨੂੰ ਅੱਜ ਉਸ ਵੇਲੇ ਕੁਝ ਠੱਲ੍ਹ ਪਈ ਜਦੋਂ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਤੇ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ ਨੇ ਮਹਿਜ਼ ਤਿੰਨ ਦਿਨ ਵਿੱਚ ਹੀ ਅਕਾਲੀ ਤਖ਼ਤ ਵੱਲੋਂ ਅਕਾਲੀ ਦਲ ਦੀ ਸੁਰਜੀਤੀ ਲਈ ਕਾਇਮ ਪੰਜ ਮੈਂਬਰੀ ਕਮੇਟੀ ਨੂੰ ਛੱਡਦਿਆਂ ਮੁੜ ਬਾਦਲ ਧੜੇ ਨਾਲ ਸਿਆਸੀ ਸਾਂਝ ਪਾ ਲਈ ਹੈ| ਜਥੇਦਾਰ ਲਾਲਵਾ ਨੂੰ ਅੱਜ ਪਾਰਟੀ ਦਾ ਇੱਕ ਉੱਚ ਪੱਧਰੀ ਵਫ਼ਦ ਪਿੰਡ ਬਾਦਲ ’ਚ ਲੈ ਕੇ ਗਿਆ, ਜਿੱਥੇ ਜਥੇਦਾਰ ਲਾਲਵਾ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਅਹਿਮ ਬੈਠਕ ਹੋਈ। ਇਸ ਮਗਰੋਂ ਜਥੇਦਾਰ ਲਾਲਵਾ ਨੇ ਪਾਰਟੀ ਅੰਦਰ ਵਾਪਸੀ ਦਾ ਐਲਾਨ ਕਰ ਦਿੱਤਾ। ਦੱਸਣਯੋਗ ਹੈ ਕਿ ਜਥੇਦਾਰ ਲਾਲਵਾ ਨੇ ਲੰਘੇ ਦਿਨੀਂ ਸ਼ੁਤਰਾਣਾ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਉਨ੍ਹਾਂ ਦੇ ਪਤੀ ਜਿਹੜੇ ਕਿ ਚਮਕੌਰ ਸਾਹਿਬ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਐਲਾਨ ਕਰਦਿਆਂ ਅਗਲੀ ਸਿਆਸੀ ਪਾਰੀ ਮੁੜ ਸੁਰਜੀਤ ਹੋ ਰਹੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨਾਲ ਖੇਡਣ ਦਾ ਐਲਾਨ ਕੀਤਾ ਸੀ| ਲੰਘੇ ਕੱਲ੍ਹ ਹੀ ਕਰਨ ਸਿੰਘ ਡੀਟੀਓ ਤੇ ਜਥੇਦਾਰ ਮਹਿੰਦਰ ਸਿੰਘ ਲਾਲਵਾ ਦਾ ਪਟਿਆਲਾ ਵਿੱਚ ਪੰਜ ਮੈਂਬਰੀ ਧਿਰ ਦੀ ਸੀਨੀਅਰ ਲੀਡਰਸ਼ਿਪ, ਜਿਸ ’ਚ ਬੀਬੀ ਜਗੀਰ ਕੌਰ ਤੇ ਸੁਰਜੀਤ ਸਿੰਘ ਰੱਖੜਾ ਆਦਿ ਸ਼ਾਮਲ ਹੋਏ ਸਨ, ਵੱਲੋਂ ਸਵਾਗਤ ਕੀਤਾ ਗਿਆ ਸੀ, ਪਰ ਅੱਜ ਦੂਜੇ ਦਿਨ ਜਥੇਦਾਰ ਲਾਲਵਾ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸੂਤਰਾਂ ਅਨੁਸਾਰ ਲਾਲਵਾ ਸੁਖਬੀਰ ਸਿੰਘ ਬਾਦਲ ਨੇ ਅੱਜ ਜਥੇਦਾਰ ਲਾਲਵਾ ਕੋਲ 55 ਸਾਲ ਪੁਰਾਣੀ ਸਾਂਝ ਦਾ ਵਾਸਤਾ ਵੀ ਪਾਇਆ, ਅਜਿਹੇ ਮਗਰੋਂ ਜਥੇਦਾਰ ਲਾਲਵਾ ਨੇ ਬਾਦਲ ਧਿਰ ਨਾਲ ਚੱਲਣ ਦਾ ਫੈਸਲਾ ਲੈ ਲਿਆ| ਜਥੇਦਾਰ ਲਾਲਵਾ ਦੇ ਨਾਲ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਤੇ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਵੀ ਮੌਜੂਦ ਸਨ| ਜਥੇਦਾਰ ਗੜ੍ਹੀ ਨੇ ਦੱਸਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਮਨਮੁਟਾਵ ਦੂਰ ਹੋਣ ਮਗਰੋਂ ਲਾਲਵਾ ਨੇ ਪਾਰਟੀ ਵਿੱਚ ਵਾਪਸੀ ਦਾ ਐਲਾਨ ਕਰ ਦਿੱਤਾ| ਇਸ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ| ਜਦੋਂ ਕਿ ਜਥੇਦਾਰ ਲਾਲਵਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਪੰਜ ਦਹਾਕਿਆਂ ਤੋਂ ਸਾਂਝ ਹੈ, ਜਿਹੜੀ ਕਿ ਪਹਿਲਾਂ ਵਾਂਗ ਹੀ ਬਰਕਰਾਰ ਹੈ| ਇਸ ਦੌਰਾਨ ਲਾਲਵਾ ਨੇ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਹੋਣ ’ਤੇ ਸੁਖਬੀਰ ਸਿੰਘ ਬਾਦਲ ਦਾ ਵੀ ਸਨਮਾਨ ਕੀਤਾ|
ਸਾਬਕਾ ਅਕਾਲੀ ਵਿਧਾਇਕ ਲੁੂੰਬਾ ਤੇ ਡੀਟੀਓ ਫ਼ੈਸਲੇ ’ਤੇ ਕਾਇਮ
ਕਰਨ ਸਿੰਘ ਡੀਟੀਓ ਨੇ ਕਿਹਾ ਕਿ ਸਾਬਕਾ ਵਿਧਾਇਕਾ ਬੀਬੀ ਲੂੰਬਾ, ਖ਼ੁਦ ਉਹ ਤੇ ਜਿਹੜੇ ਅੱਧੀ ਦਰਜਨ ਅਕਾਲੀ ਆਗੂਆਂ ਨੇ ਲੰਘੇ ਦਿਨੀਂ ਪੰਜ ਮੈਂਬਰੀ ਧਿਰ ਨਾਲ ਚੱਲਣ ਦਾ ਫ਼ੈਸਲਾ ਲਿਆ ਸੀ ਉਹ ਸਾਰੇ ਆਪਣੇ ਫੈਸਲੇ ’ਤੇ ਬਜ਼ਿੱਦ ਹਨ, ਸਿਰਫ਼ ਜਥੇਦਾਰ ਲਾਲਵਾ ਨੇ ਹੀ ਪਲਟੀ ਮਾਰੀ ਹੈ|