ਅੰਤਰ ਖੇਤਰੀ ਯੁਵਕ ਮੇਲਾ: ਖਾਲਸਾ ਕਾਲਜ ਪਟਿਆਲਾ ਨੇ ਜਿੱਤੀ ਓਵਰਆਲ ਟਰਾਫ਼ੀ
ਪੰਜਾਬੀ ਯੂਨੀਵਰਸਿਟੀ ਦਾ ਚਾਰ ਰੋਜ਼ਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਸਫਲਤਾਪੂਰਵਕ ਸੰਪੰਨ ਹੋ ਗਿਆ। ਅਖੀਰਲੇ ਦਿਨ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਮੇਲੇ ਦਾ ਸਿਖਰ ਹੋ ਨਿੱਬੜੀ। ਅੰਤਲੇ ਦਿਨ ਹੀ ਲੋਕ ਗਾਇਕ ਤੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਗਾਣਿਆਂ ‘ਯਾਰਾ...
ਪੰਜਾਬੀ ਯੂਨੀਵਰਸਿਟੀ ਦਾ ਚਾਰ ਰੋਜ਼ਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਸਫਲਤਾਪੂਰਵਕ ਸੰਪੰਨ ਹੋ ਗਿਆ। ਅਖੀਰਲੇ ਦਿਨ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਮੇਲੇ ਦਾ ਸਿਖਰ ਹੋ ਨਿੱਬੜੀ। ਅੰਤਲੇ ਦਿਨ ਹੀ ਲੋਕ ਗਾਇਕ ਤੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਗਾਣਿਆਂ ‘ਯਾਰਾ ਓ ਯਾਰਾ’ ਅਤੇ ‘ਮੈਂ ਚਾਦਰ ਕੱਢਦੀ ਨੀ’ ਨਾਲ਼ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਤੇ ਇਸ ਦੌਰਾਨ ਗੁਰੂ ਤੇਗ ਬਹਾਦਰ ਹਾਲ ਵੀ ਤਾੜੀਆਂ ਨਾਲ ਗੂੰਜਦਾ ਰਿਹਾ। ਉਨ੍ਹਾਂ ਸਰੋਤਿਆਂ ਨੂੰ ਚੰਗੇ ਸੰਗੀਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨਾਲ਼ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫ਼ੀਆਂ ਵੀ ਵੰਡੀਆਂ। ਇਸ ਦੌਰਾਨ ਡਾ ਸੁਖਜੀਤ ਕੌਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਦੀ ਦੇਖਰੇਖ ਹੇਠਾਂ ਹੋਏ ਇਸ ਮੇਲੇ ਦੌਰਾਨ ਓਵਰਆਲ ਟਰਾਫ਼ੀ ਖਾਲਸਾ ਕਾਲਜ ਪਟਿਆਲਾ ਨੇ ਜਿੱਤੀ। ਗੁਰੂ ਨਾਨਕ ਕਾਲਜ ਬੁਢਲਾਢਾ ਨੇ ਦੂਜਾ ਸਥਾਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।

