DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੋੜੀਕੁੱਟ ਮੁਹੱਲੇ ’ਚ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਢਾਹੀ

ਇਕੋ ਪਰਿਵਾਰ ਦੇ ਤਿੰਨ ਜੀਆਂ ਖ਼ਿਲਾਫ਼ ਨਸ਼ਾ ਤਸਕਰੀ ਦੇ 26 ਕੇਸ ਦਰਜ
  • fb
  • twitter
  • whatsapp
  • whatsapp
featured-img featured-img
ਰੋੜੀਕੁੱਟ ਮੁਹੱਲੇ ਵਿੱਚ ਅਣ-ਅਧਿਕਾਰਤ ਮਕਾਨ ਨੂੰ ਢਾਹੁੰਦੇ ਹੋਏ ਮੁਲਾਜ਼ਮ।
Advertisement

ਪਟਿਆਲਾ ਪੁਲੀਸ ਨੇ ਨਸ਼ਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇੱਥੇ ਵਾਰਡ ਨੰਬਰ-33 ਦੇ ਰੋੜੀ ਕੁੱਟ ਮੁਹੱਲੇ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਹਿਲਾ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਸਰਕਾਰੀ ਜ਼ਮੀਨ ’ਤੇ ਬਣਾਏ ਅਣ-ਅਧਿਕਾਰਤ ਮਕਾਨ ਨੂੰ ਪੀਲਾ ਪੰਜਾ ਚਲਾ ਢਹਿ-ਢੇਰੀ ਕਰ ਦਿੱਤਾ। ਇਸ ਮੁਹਿੰਮ ਦੀ ਅਗਵਾਈ ਖ਼ੁਦ ਐੱਸਐੱਸਪੀ ਵਰੁਣ ਸ਼ਰਮਾ ਨੇ ਕੀਤੀ। ਐੱਸਐੱਸਪੀ ਨੇ ਰੋੜੀ ਕੁੱਟ ਮੁਹੱਲੇ ਵਿੱਚ ਕੀਤੀ ਕਾਰਵਾਈ ਬਾਬਤ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਆਪਣੀ ਜੰਗੀ ਪੱਧਰ ’ਤੇ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲੀਸ ਨੇ ਅੱਜ ਮਹਿਲਾ ਤਸਕਰ ਸੀਮਾ, ਉਸ ਦੇ ਪਤੀ ਸੋਮਪਾਲ ਅਤੇ ਇਸ ਦੇ ਪਰਿਵਾਰ ਵੱਲੋਂ ਲੋਕ ਨਿਰਮਾਣ ਵਿਭਾਗ ਦੀ ਸਰਕਾਰੀ ਜ਼ਮੀਨ ਉਪਰ ਬਣਾਈ ਗਈ ਅਣਅਧਿਕਾਰਤ ਰਿਹਾਇਸ਼ ਨੂੰ ਢਾਹਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਵਿਰੁੱਧ 26 ਤੋਂ ਵੱਧ ਐੱਨਡੀਪੀਐੱਸ ਦੇ ਮੁਕੱਦਮੇ ਦਰਜ ਹਨ ਅਤੇ ਇਸ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਸਬੰਧਤ ਵਿਭਾਗ ਨੇ ਪੁਲੀਸ ਇਮਦਾਦ ਦੀ ਮੰਗ ਕੀਤੀ ਸੀ, ਜਿਸ ਲਈ ਪੁਲੀਸ ਨੇ ਸੁਰੱਖਿਆ ਪ੍ਰਦਾਨ ਕਰਵਾਈ ਹੈ। ਸੀਮਾ ਵਿਰੁੱਧ 16 ਅਤੇ ਇਸ ਦੇ ਪਤੀ ਸੋਮਪਾਲ ਵਿਰੁੱਧ 4 ਪਰਚੇ ਅਤੇ ਸੀਮਾ ਦੀ ਸੱਸ ਵਿਰੁੱਧ ਵੀ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਐੱਸਐੱਸਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚੱਲ ਰਹੀ ਮੁਹਿੰਮ ਤਹਿਤ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਚੱਲਦਿਆਂ ਪਟਿਆਲਾ ਪੁਲੀਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਸ਼ਿਆਂ ਦੀ ਦਲਦਲ ’ਚ ਫਸੇ ਵਿਅਕਤੀਆਂ ਦੀ ਨਸ਼ਾ ਮੁਕਤੀ ਲਈ ਵੀ ਪਟਿਆਲਾ ਪੁਲੀਸ ਵਚਨਬੱਧ ਹੈ ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾ ਇਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ। ਇਸ ਮੌਕੇ ਐੱਸਪੀ ਵੈਭਵ ਚੌਧਰੀ, ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਸਤਨਾਮ ਸਿੰਘ ਤੇ ਮਨੋਜ ਗੋਰਸੀ, ਐੱਸਐੱਚਓ ਜਸਪ੍ਰੀਤ ਸਿੰਘ ਤੇ ਸ਼ਿਵਰਾਜ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Advertisement
Advertisement
×