ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਆਡੀਓ ਰਿਕਾਰਡਿੰਗ ਲੋਕਾਂ ਵਿੱਚ ਖ਼ੂਬ ਵਾਇਰਲ ਹੋ ਰਹੀ ਹੈ। ਹਰਮੀਤ ਸਿੰਘ ਪਠਾਣਮਾਜਰਾ ਇਕ ਆਡੀਓ ਰਿਕਾਰਡਿੰਗ ਵਿੱਚ ਆਪਣੇ ਸਮਰਥਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਆਖ ਰਹੇ ਹਨ, ‘ਬਾਬਾ ਬੁੱਢਾ ਕਿਰਪਾ ਕਰਨਗੇ, ਤੁਹਾਡਾ ਭਰਾ ਆਇਆ ਲਓ। ਤੁਸੀਂ ਕਿਸੇ ਗੱਲ ਦੀ ਫ਼ਿਕਰ ਨਹੀਂ ਕਰਨੀ।’’ ਉਹ ਇਹ ਨਵੇਂ ਲੱਗੇ ਹਲਕਾ ਇੰਚਾਰਜ ਦੇ ਸਬੰਧ ਵਿੱਚ ਕਹਿ ਰਹੇ ਹਨ ਉਹ ਇੰਚਾਰਜਾਂ ਦੀ ਪ੍ਰਵਾਹ ਨਹੀਂ ਕਰਦੇ। ਪਠਾਣਮਾਜਰਾ ਆਡੀਓ ਵਿੱਚ ਕਹਿ ਰਹੇ ਹਨ, ‘‘ਜ਼ਿੰਦਗੀ ਵਿੱਚ ਕਾਇਮ ਰਹਿਣ ਵਾਲਿਆਂ ਦਾ ਮੁੱਲ ਪੈਂਦਾ ਹੈ। ਤੁਸੀਂ ਚਿੰਤਾ ਨਹੀਂ ਕਰਨੀ।’’ ਦੱਸਣਯੋਗ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਕਰੀਬ ਇੱਕ ਮਹੀਨੇ ਤੋਂ ਪੁਲੀਸ ਲਈ ਬੁਝਾਰਤ ਬਣੇ ਹੋਏ ਹਨ। ਉਹ ਆਪਣੀ ਹੀ ਪਾਰਟੀ ਤੋਂ ਬਾਗੀ ਹੋ ਗਏ ਸਨ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਆਗੂਆਂ ਅਤੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਖ਼ਿਲਾਫ਼ ਬਿਆਨਬਾਜ਼ੀ ਤੋਂ ਬਾਅਦ ਪਾਸਾ ਵੱਟ ਗਏ ਸਨ। ਇਸ ਤੋਂ ਬਾਅਦ ਪਠਾਣਮਾਜਰਾ ਜਬਰ-ਜਨਾਹ ਦਾ ਪਰਚਾ ਦਰਜ ਹੋਣ ਮਗਰੋਂ ਪੁਲੀਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਏ ਸਨ। ਬਹੁਤ ਦਿਨਾ ਬਾਅਦ ਪਠਾਣਮਾਜਰਾ ਦੀ ਆਡੀਓ ਰਿਕਾਰਡਿੰਗ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
+
Advertisement
Advertisement
Advertisement
×