ਦਸ ਅਤੇ ਵੀਹ ਦੇ ਨੋਟਾਂ ਦੀ ਬੈਂਕਾਂ ਅਤੇ ਬਾਜ਼ਾਰਾਂ ’ਚ ਭਾਰੀ ਕਮੀ
ਨੋਟਾਂ ਦੀ ਕਾਲਾਬਾਜ਼ਾਰੀ ਜਾਰੀ; ਦਸ ਰੁਪਏ ਦੀ 1000 ਦੀ ਥੱਦੀ ਮਿਲ ਰਹੀ ਹੈ 1500 ਰੁਪਏ ’ਚ
ਦਸ ਅਤੇ ਵੀਹ ਰੁਪਏ ਦੇ ਨੋਟਾਂ ਦੀ ਕਮੀ ਆਉਣ ਕਰਕੇ ਇਹ ਨੋਟ ਹੁਣ ‘ਬਲੈਕ’ ਹੋਣ ਲੱਗ ਪਏ ਹਨ। ਬੇਸ਼ੱਕ ਇਹ ਨੋਟ ਬੈਂਕਾਂ ਵਿੱਚ ਨਹੀਂ ਮਿਲ ਰਹੇ ਪਰ ਆਮ ਬਾਜ਼ਾਰਾਂ ਵਿੱਚ ਬੈਠੇ ਕੁਝ ਵਿਸ਼ੇਸ਼ ਲੋਕਾਂ ਕੋਲੋਂ ਇਹ ਨੋਟ ਮਿਲ ਰਹੇ ਹਨ, ਜਿਨ੍ਹਾਂ ਦੀ ਕੀਮਤ ਨੂੰ 10 ਦੇ ਨੋਟਾਂ ਦੀ 1000 ਰੁਪਏ ਦੀ ਥੱਦੀ 1500 ਰੁਪਏ ਵਿੱਚ ਤੇ 20 ਦੇ ਨੋਟਾਂ ਦੀ 2000 ਦੀ ਥੱਦੀ 2500 ਦੀ ਮਿਲ ਰਹੀ ਹੈ ਜਿਸ ਕਰਕੇ ਆਮ ਗ਼ਰੀਬ ਤੇ ਛੋਟੇ ਕਾਰੋਬਾਰ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਨੋਟਾਂ ਦੀ ‘ਬਲੈਕ ਮਾਰਕੀਟ’ ਕਰਨ ਵਾਲੇ ਕੁਝ ਗਰੁੱਪ ਇਸ ਨੂੰ ਬੜੇ ਚਲਾਕ ਤਰੀਕੇ ਨਾਲ ਕਰ ਰਹੇ ਹਨ। ਇੱਥੇ ਡੋਰੀ-ਪਰਾਂਦਿਆਂ ਦੇ ਬਾਜ਼ਾਰ ਵਿੱਚ 10 ਤੇ 20 ਦੇ ਨੋਟਾਂ ਦਾ ਧੰਦਾ ਬੜੇ ਹੀ ਗੁਪਤ ਤਰੀਕੇ ਨਾਲ ਹੋ ਰਿਹਾ ਹੈ, ਇੱਥੇ ਜਦੋਂ ਵੀ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਮਜਬੂਰੀ ਬੱਸ ਆਪਣੀਆਂ ਰਸਮਾਂ ਪੂਰੀਆਂ ਕਰਨ ਲਈ ਲੋਕ 10 ਤੇ 20 ਦੇ ਨੋਟ ਲੈਣ ਲਈ ਆਉਂਦੇ ਹਨ, ਉਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕਿਆ ਜਾਂਦਾ ਹੈ। ਜਾਣਕਾਰੀ ਮੁਤਾਬਕ 1000 ਰੁਪਏ ਦੀ ਥੱਦੀ ਉਹ 1500 ’ਚ ਦਿੰਦੇ ਹਨ ਜਦਕਿ 2000 ਦੀ ਥੱਦੀ 2500 ਵਿੱਚ। ਅਰਥ ਸ਼ਾਸਤਰੀ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਛੋਟੇ ਨੋਟ ਘੱਟ ਛਾਪਣ ਦਾ ਭਾਵ ਹੈ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ, ਕਿਉਂਕਿ ਛੋਟੇ ਨੋਟ ਆਮ ਦਿਹਾੜੀਦਾਰ ਮਜ਼ਦੂਰ ਜਾਂ ਵਿੱਚ ਗ਼ੁਰਬਤ ਵਿਚ ਜ਼ਿੰਦਗੀ ਕੱਟ ਰਹੇ ਲੋਕ ਹੀ ਕਰਦੇ ਹਨ। ਹੁਣ ਇਕ ਦਾ, ਦੋ ਦਾ ਤੇ ਪੰਜ ਦਾ ਨੋਟ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ। ਆਮ ਦਿਹਾਤੀ ਜਾਂ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਲੋਕਾਂ ਦੀ ਸਹੂਲਤ ਲਈ ਛੋਟੇ ਨੋਟ ਵੱਡੀ ਗਿਣਤੀ ਵਿੱਚ ਛਾਪਣੇ ਚਾਹੀਦੇ ਹਨ।