ਘਰ ਢਾਹੁਣ ਦੀ ਕਾਰਵਾਈ ਰਾਜਸੀ ਹਿੱਤਾਂ ਤੋਂ ਪ੍ਰੇਰਿਤ: ਪਰਨੀਤ
ਪ੍ਰੈੱਸ ਕਾਨਫਰੰਸ ’ਚ ਨਗਰ ਨਿਗਮ ਦੀ ਕਾਰਵਾਈ ’ਤੇ ਚੁੱਕੇ ਸਵਾਲ
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਪਿਛਲੇ ਦਿਨੀਂ ਇੱਥੋਂ ਦੀ ਅੱਬੂ ਸ਼ਾਹ ਕਲੋਨੀ ’ਚ ਘਰ ਢਾਹੁਣ ਦੀ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਪਰਨੀਤ ਕੌਰ ਨੇ ਨਗਰ ਨਿਗਮ ਪਟਿਆਲਾ ਦੀ ਇਸ ਕਾਰਵਾਈ ਨੂੰ ਕਥਿਤ ਰੂਪ ’ਚ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਵੀ ਨਸ਼ਿਆਂ ਖਿਲਾਫ਼ ਹੈ ਪਰ ਨਗਰ ਨਿਗਮ ਵੱਲੋਂ ਇਸ ਖੇਤਰ ਵਿਚਲੇ ਜਿਹੜੇ 14 ਘਰ ਢਾਹੇ ਗਏ ਹਨ, ਉਨ੍ਹਾਂ ਵਿੱਚੋਂ 7 ਮਕਾਨਾਂ ਦੇ ਮਾਲਕਾਂ ਵਿੱਚੋਂ ਕਿਸੇ ਖ਼ਿਲਾਫ਼ ਵੀ ਨਸ਼ਾ ਤਸਕਰੀ ਦਾ ਕੋਈ ਕੇਸ ਦਰਜ ਨਹੀਂ ਹੈ। ਇਸ ਮਾਮਲੇ ’ਚ ਉਨ੍ਹਾਂ ਨੇ ਆਪ ਦੇ ਇੱਕ ਪ੍ਰਮੁੱਖ ਆਗੂੂ ਦੇ ਮਨਸ਼ੇ ਠੀਕ ਨਾ ਹੋਣ ਦੇ ਇਲਜ਼ਾਮ ਵੀ ਲਾਏ। ਦੂਜੇ ਪਾਸੇ, ਸਬੰਧਤ ਪਰਿਵਾਰਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜ੍ਹਕਾਉਣ ’ਤੇ ਅਦਾਲਤ ਨੇ 7 ਨਵਬੰਰ ਤੱਕ ਇਨ੍ਹਾਂ ਘਰਾਂ ਨੂੰ ਢਾਹੁਣ ਦੀ ਕਾਰਵਾਈ ’ਤੇ ਰੋਕ ਵੀ ਲਾਈ ਹੈ।
ਦੱਸ ਦੇਈਏ ਕਿ ਨਸ਼ਾ ਤਸਕਰੀ ਨਾਲ ਬਣਾਏ ਘਰਾਂ ਦੇ ਖਿਲਾਫ਼ ਕਾਰਵਾਈ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਲੰਬੀ ਕਾਨੂੰਨੀ ਪ੍ਰਕ੍ਰਿਆ ਵਿਚੋਂ ਲੰਘਣਾ ਪੈਂਦਾ ਹੈ ਪਰ ਪਰਨੀਤ ਕੌਰ ਮੁਤਾਬਕ ਇੱਥੇ ਮਸਲਾ ਨਾਜਾਇਜ਼ ਕਬਜ਼ੇ ਹਟਾਉਣ ਦਾ ਸੀ ਜਿਸ ਕਰਕੇ ਇਸ ਦਾ ਪੁਲੀਸ ਵਿਭਾਗ ਨਾਲ ਸਿੱਧਾ ਸਬੰਧ ਨਾ ਹੋ ਕੇ ਇਹ ਕਾਰਵਾਈ ਨਗਰ ਨਿਗਮ ਦੇ ਅਧਿਕਾਰ ਖੇਤਰ ਵਾਲੀ ਹੋ ਨਿਬੜੀ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਪਰਨੀਤ ਕੌਰ ਨੇ ਕਿਹਾ ਕਿ ਇਸ ਕਾਰਵਾਈ ਦਾ ਅਸਲ ਮਨੋਰਥ ਕੋਈ ਹੋਰ ਸੀ ਜਿਸ ਦੌਰਾਨ ਕੁਝ ਅਸਰ ਰਸੂਖ ਵਾਲ਼ੇ ਲੋਕ ਇਨ੍ਹਾਂ ਗਰੀਬਾਂ ਤੋਂ ਕਬਜ਼ਾ ਮੁਕਤ ਕਰਵਾਏ ਜਾਣ ਵਾਲੇ ਪਲਾਟਾਂ ’ਤੇ ਕਥਿਤ ਕਬਜ਼ੇ ਦੀ ਤਾਕ ’ਚ ਹਨ ਪਰ ਭਾਜਪਾ ਅਜਿਹਾ ਕਦਾਚਿਤ ਵੀ ਨਹੀਂ ਹੋਣ ਦੇਵੇਗੀ ਤੇ ਉਹ ਅਜਿਹੇ ਚਿਹਰੇ ਬੇਨਕਾਬ ਕਰਕੇ ਰਹਿਣਗੇ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਤੇ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਕੂਕਾ, ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨਿਖਿਲ ਕੁਮਾਰ ਕਾਕਾ, ਤੇਜਿੰਦਰ ਤੇਜੀ ਆਦਿ ਭਾਜਪਾ ਆਗੂ ਵੀ ਮੌਜੂਦ ਸਨ। ਦੂਜੇ ਪਾਸੇ, ਇੱਕ ਸਰਕਾਰੀ ਅਧਿਕਾਰੀ ਨੇ ਸਮੁੱਚੀ ਕਾਰਵਾਈ ਮੁਕੰਮਲ ਨਿਯਮਾਂ ਅਧੀਨ ਅਮਲ ’ਚ ਲਿਆਂਦੀ ਹੋਣ ਦੀ ਗੱਲ ਆਖੀ ਹੈ।