ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਬਾਰੇ ਅਰਜ਼ੀ ’ਤੇ ਸੁਣਵਾਈ ਟਲੀ
‘ਆਪ’ ਸਰਕਾਰ ਖ਼ਿਲਾਫ਼ ਬਗਾਵਤ ਕਰਨ ਵਾਲੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਦਰਜ ਜਬਰ-ਜਨਾਹ ਕੇਸ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ’ਤੇ ਅੱਜ ਹੋਣ ਵਾਲੀ ਸੁਣਵਾਈ ਮੁੜ ਅੱਗੇ ਪੈ ਗਈ। ਇਹ ਸੁਣਵਾਈ ਹੁਣ 9 ਅਕਤੂਬਰ ਨੂੰ ਹੋਵੇਗੀ। ਪਠਾਣਮਾਜਰਾ ਵੱਲੋਂ...
‘ਆਪ’ ਸਰਕਾਰ ਖ਼ਿਲਾਫ਼ ਬਗਾਵਤ ਕਰਨ ਵਾਲੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਦਰਜ ਜਬਰ-ਜਨਾਹ ਕੇਸ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ’ਤੇ ਅੱਜ ਹੋਣ ਵਾਲੀ ਸੁਣਵਾਈ ਮੁੜ ਅੱਗੇ ਪੈ ਗਈ। ਇਹ ਸੁਣਵਾਈ ਹੁਣ 9 ਅਕਤੂਬਰ ਨੂੰ ਹੋਵੇਗੀ। ਪਠਾਣਮਾਜਰਾ ਵੱਲੋਂ ਆਪਣੇ ਵਕੀਲ ਐੱਸ ਐੱਸ ਸੱਗੂ ਰਾਹੀਂ ਦਾਇਰ ਕੀਤੀ ਗਈ ਅਰਜ਼ੀ ’ਤੇ ਭਾਵੇਂ ਦੋਵਾਂ ਪੱਖਾਂ ਦੇ ਵਕੀਲਾਂ ਦਰਮਿਆਨ ਬਹਿਸ ਪਿਛਲੀ ਪੇਸ਼ੀ ਮੌਕੇ 29 ਸਤੰਬਰ ਨੂੰ ਹੀ ਮੁਕੰਮਲ ਹੋ ਗਈ ਸੀ ਜਿਸ ਮਗਰੋਂ ਅਦਾਲਤ ਵੱਲੋਂ 6 ਅਕਤੂਬਰ ਦਾ ਦਿਨ ਮੁਕੱਰਰ ਕੀਤਾ ਗਿਆ ਸੀ ਪਰ ਕਿਸੇ ਤਕਨੀਕੀ ਕਾਰਨ ਕਰ ਕੇ ਅਦਾਲਤੀ ਕਾਰਵਾਈ ਅੱਜ ਵੀ ਅੱਗੇ ਪਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਹੜ੍ਹਾਂ ਦੌਰਾਨ ਵਿਧਾਇਕ ਪਠਾਣਮਾਜਰਾ ਜਦੋਂ ਇੱਕ ਆਈ ਏ ਐੱਸ ਅਧਿਕਾਰੀ ’ਤੇ ਭੜਕ ਰਹੇ ਸਨ ਤਾਂ ਉਨ੍ਹਾਂ ਨੇ ਨਾਲ ਹੀ ਆਪਣੀ ਸਰਕਾਰ ’ਤੇ ਦਿੱਲੀ ਟੀਮ ਦੇ ਕਥਿਤ ਮਾੜੇ ਪ੍ਰਛਾਵੇਂ ਬਾਰੇ ਵੀ ਬੇਬਾਕੀ ਨਾਲ ਗੱਲ ਕੀਤੀ ਤੇ ਉਦੋਂ ਤੋਂ ਹੀ ਉਹ ਰੂਪੋਸ਼ ਹੈ। ਪਟਿਆਲਾ ਪੁਲੀਸ ਉਸ ਦੀ ਜਬਰ-ਜਨਾਹ ਦੇ ਇੱਕ ਕੇਸ ਵਿਚ ਭਾਲ ਕਰ ਰਹੀ ਹੈ। ਮਾਮਲੇ ’ਚ ਵਿਧਾਇਕ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਭਾਵੇਂ 10 ਸਤੰਬਰ ਨੂੰ ਖਾਰਜ ਹੋ ਗਈ ਸੀ ਪਰ ਉਸ ਵੱਲੋਂ ਸੋਧ ਕੇ ਦਾਇਰ ਕੀਤੀ ਗਈ ਅਜਿਹੀ ਹੀ ਅਗਲੀ ਅਰਜ਼ੀ ’ਤੇ ਬਹਿਸ ਤੋਂ ਬਾਅਦ ਹੁਣ ਅਦਾਲਤੀ ਫੁਰਮਾਨ ਹੀ ਉਡੀਕ ਹੈ। ਅੱਜ ਦੀ ਸੁਣਵਾਈ ਅੱਗੇ ਪੈਣ ਦੀ ਵਿਧਾਇਕ ਦੇ ਵਕੀਲ ਐੱਸ ਐੱਸ ਸੱਗੂ ਨੇ ਪੁਸ਼ਟੀ ਕੀਤੀ ਹੈ। ਜੇਕਰ ਸਥਾਨਕ ਅਦਾਲਤ ’ਚੋਂ ਵੀ ਰਾਹਤ ਨਾ ਮਿਲੀ ਤਾਂ ਵਿਧਾਇਕ ਵੱਲੋਂ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਜਾਵੇਗੀ।