ਸਿਹਤ ਕਾਮਿਆਂ ਵੱਲੋਂ ਬਲਬੀਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ
ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰਾਂ ਨੇ ਅੱਜ ਪੁਲੀਸ ਰੋਕਾਂ ਤੋੜਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ। ਉਹ ਇਸ ਵੇਲੇ ਕਾਫ਼ੀ ਚਿੰਤਾ ਵਿੱਚ ਹਨ ਕਿਉਂਕਿ ਉਮਰ ਹੱਦ ਛੋਟ ਦੀ ਮੰਗ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਚਾਨਕ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਸਵੇਰੇ ਕਰੀਬ 11 ਵਜੇ ਬੇਰੁਜ਼ਗਾਰ ਸਥਾਨਕ ਗੁਰਦੁਆਰਾ ਦੁੂਖਨਿਵਾਰਨ ਸਾਹਿਬ ਨੇੜੇ ਪਾਸੀ ਰੋਡ ’ਤੇ ਬਣੀ ਪਾਰਕ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਇਸ ਦੀ ਸੂਚਨਾ ਮਿਲਣ ’ਤੇ ਪੁਲੀਸ ਪ੍ਰਸ਼ਾਸਨ ਨੂੰ ਭਾਜੜ ਪੈ ਗਈ। ਹਾਲਾਂਕਿ ਐੱਸਐੱਸਪੀ ਰਾਹੀਂ ਲੰਬਾ ਸਮਾਂ ਪਾਰਕ ਵਿੱਚ ਹੀ ਪੁਚਕਾਰ ਕੇ ਰੱਖਿਆ ਗਿਆ ਪਰ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਸਬੰਧੀ ਕੋਈ ਠੋਸ ਕਾਰਵਾਈ ਨਾ ਹੁੰਦੀ ਵੇਖ ਕੇ ਕਰੀਬ 2 ਵਜੇ ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਪਾਸੀ ਰੋਡ ’ਤੇ ਬਣੀ ਰਿਹਾਇਸ਼ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਜਲਦਬਾਜ਼ੀ ਵਿੱਚ ਪੁਲੀਸ ਨੇ ਸਿਹਤ ਮੰਤਰੀ ਦੀ ਕੋਠੀ ਵਾਲੀ ਗਲੀ ਅੱਗੇ ਲੱਗੀਆਂ ਪੁਲੀਸ ਰੋਕਾਂ ਮਜ਼ਬੂਤ ਕਰ ਦਿੱਤੀਆਂ ਪਰ ਬੇਰੁਜ਼ਗਾਰਾਂ ਦਾ ਇੱਕ ਸਮੂਹ ਪੁਲੀਸ ਨੂੰ ਝਕਾਨੀ ਦੇ ਕੇ ਦੂਸਰੀ ਗਲੀ ਰਾਹੀਂ ਸਿਹਤ ਮੰਤਰੀ ਦੀ ਕੋਠੀ ਦੇ ਗੇਟ ਅੱਗੇ ਜਾ ਬੈਠਿਆ। ਦੂਜੇ ਪਾਸੇ ਵੱਡੀ ਗਿਣਤੀ ਬੇਰੁਜ਼ਗਾਰ ਗਲੀ ਦੇ ਬਾਹਰ ਸੜਕ ਧਰਨਾ ਲਗਾ ਕੇ ਬੈਠੇ ਹੋਏ ਸਨ। ਬੇਰੁਜ਼ਗਾਰ ਲੰਬਾ ਸਮਾਂ ਨਾਅਰੇਬਾਜ਼ੀ ਕਰਦੇ ਰਹੇ। ਉਨ੍ਹਾਂ ਦੀ ਮੀਟਿੰਗ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਕਰਵਾਈ ਜਾਵੇ ਤਾਂ ਕਿ ਉਹ ਪੰਜਾਬ ਸਰਕਾਰ ਵੱਲੋਂ ਜਾਰੀ 270 ਉਮਰ ਹੱਦ ਛੋਟ ਬਾਰੇ ਗੱਲਬਾਤ ਕਰ ਸਕਣ ਪਰ ਪ੍ਰਸ਼ਾਸਨ ਮੁੜ ਟਾਲ-ਮਟੋਲ ਦੀ ਨੀਤੀ ਅਪਣਾ ਕੇ ਡੰਗ ਟਪਾਈ ਕਰਦਾ ਰਿਹਾ। ਅੱਕੇ ਹੋਏ ਬੇਰੁਜ਼ਗਾਰਾਂ ਨੇ ਢਿੱਲਵਾਂ ਦਾ ਇਸ਼ਾਰਾ ਲੈ ਕੇ ਅਚਾਨਕ ਮੁੜ ਅੱਗੇ ਵਧਣ ਲਈ ਹੱਲਾ ਬੋਲ ਦਿੱਤਾ। ਪੁਲੀਸ ਪ੍ਰਸ਼ਾਸਨ ਵੱਲੋਂ ਲਗਾਏ ਬੈਰੀਕੇਡ ਤੋੜ ਕੇ ਸਾਰੇ ਹੀ ਬੇਰੁਜ਼ਗਾਰ ਸਿਹਤ ਮੰਤਰੀ ਦੀ ਕੋਠੀ ਦੇ ਗੇਟ ’ਤੇ ਜਾ ਬੈਠੇ। ਜਿੱਥੇ ਲੰਬਾ ਸਮਾਂ ਰੋਸ ਪ੍ਰਦਰਸ਼ਨ ਮਗਰੋਂ ਆਖ਼ਰ ਤਹਿਸੀਲਦਾਰ ਰਾਹੀਂ 5 ਅਗਸਤ ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਪੈਨਲ ਮੀਟਿੰਗ ਕਰਵਾਉਣ ਦਾ ਪੱਤਰ ਜਾਰੀ ਕੀਤਾ ਗਿਆ। ਇਸ ਮੌਕੇ ਪਲਵਿੰਦਰ ਸਿੰਘ ਹੁਸ਼ਿਆਰਪੁਰ, ਹੀਰਾ ਲਾਲ ਅੰਮ੍ਰਿਤਸਰ, ਮਨਜਿੰਦਰ ਸਿੰਘ ਕੁਰਾਲੀ, ਪਰਮਜੀਤ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਬਠਿੰਡਾ, ਜਸਵੀਰ ਸਿੰਘ ਬਰਨਾਲਾ, ਪਲਵਿੰਦਰ ਸਿੰਘ ਅਤੇ ਕਰਮਜੀਤ ਸ਼ਰਮਾ ਭੈਣੀ, ਗੁਰਪ੍ਰੀਤ ਸਿੰਘ ਪਟਿਆਲਾ, ਬਲਰਾਜ ਸਿੰਘ, ਸੁਖਰਾਜ ਸਿੰਘ ਦੋਵੇਂ ਮੁਕਤਸਰ ਸਾਹਿਬ, ਕੁਲਦੀਪ ਧੂਰੀ, ਰੁਪਿੰਦਰ ਸੁਨਾਮ ਤੇ ਬੂਟਾ ਸਿੰਘ ਆਦਿ ਹਾਜ਼ਰ ਸਨ।