ਸਿਹਤ ਮੰਤਰੀ ਨੇ ਪਟਿਆਲਾ ਦਿਹਾਤੀ ਲਈ ਪ੍ਰਾਜੈਕਟਾਂ ਦੀ ਰੂਪ-ਰੇਖਾ ਉਲੀਕੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਮਈ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਹਲਕੇ ਪਟਿਆਲਾ ਦਿਹਾਤੀ ਦੇ ਵਿਕਾਸ ਕਾਰਜਾਂ ਦਾ ਮੁਲਾਂਕਣ ਕਰਦਿਆਂ 9 ਕਰੋੜ ਰੁਪਏ ਦੇ ਰੰਗਲਾ ਪੰਜਾਬ ਪ੍ਰਾਜੈਕਟਾਂ ਨੂੰ ਅੰਤਿਮ ਰੂਪ ਦੇਣ ਲਈ 2 ਦਰਜਨ ਪਿੰਡਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ। ਇਸ ਮਗਰੋਂ ਪਟਿਆਲਾ ਪਰਤੇ ਸਿਹਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਰੋਹਟੀ ਛੰਨਾ, ਰੋਹਟਾ, ਰੋਹਟੀ ਮੌੜਾਂ, ਰੋਹਟੀ ਬਸਤਾ ਸਿੰਘ, ਇੱਛੇਵਾਲ, ਰਾਮਗੜ੍ਹ ਛੰਨਾ, ਲਾਲੌਦਾ, ਘਮਰੌਦਾ, ਮੰਡੌੜ, ਸ਼ਮਲਾ, ਰੋਹਟੀ ਖਾਸ, ਹਿਆਣਾ ਕਲਾਂ, ਹਿਆਣਾ ਖੁਰਦ, ਧੰਗੇੜਾ, ਕੈਦੂਪੁਰ, ਲੰਗ, ਰੌਂਗਲਾ, ਕਿਸ਼ਨਗੜ੍ਹ, ਸਿੰਬੜੌ, ਲੌਟ, ਸਿਓਣਾ, ਵਿਕਾਸ ਨਗਰ, ਬਾਬੂ ਸਿੰਘ ਕਲੋਨੀ, ਸਿੱਧੂਵਾਲ ਤੇ ਰਣਜੀਤ ਨਗਰ ਆਦਿ ਪਿੰਡਾਂ ਦੇ ਨੁਮਾਇੰਦਿਆਂ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ। ਉਹ ਖ਼ੁਦ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਤੇ ਜੇਕਰ ਕਿਸੇ ਵੀ ਕੰਮ ਵਿੱਚ ਊਣਤਾਈ ਮਿਲੀ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਸਿਵਲ ਸਰਜਨ ਨੂੰ ਪਿੰਡ ਪੱਧਰ ’ਤੇ ਨਿਯਮਿਤ ਸਿਹਤ ਕੈਂਪ ਲਗਾਉਣ ਦੀ ਹਦਾਇਤ ਕਰਦਿਆਂ ਬਜ਼ੁਰਗਾਂ ਲਈ ਮੁਫ਼ਤ ਐਨਕਾਂ, ਨਜ਼ਰ ਤੇ ਬੀ.ਪੀ. ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਪਿੰਡਾਂ ਵਿੱਚ ਖੇਡ ਦੇ ਮੈਦਾਨ, ਪਾਰਕਾਂ ਦੀ ਵਿਵਸਥਾ, ਸੋਲਰ ਲਾਈਟਾਂ ਲਗਵਾਉਣ ਅਤੇ ਖੇਡਾਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਵੀ ਭਰੋਸਾ ਦਿਵਾਇਆ ਤੇ ਹੋਰ ਮਸਲੇ ਵੀ ਛੂਹੇ।
ਨੁਮਾਇੰਦਿਆਂ ਨੇ ਮੰਗਾਂ ਤੇ ਸੁਝਾਅ ਰੱਖੇ
ਇਸ ਮੌਕੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਦੇ ਸਨਮੁੱਖ ਸਮੱਸਿਆਵਾਂ, ਮੰਗਾਂ ਤੇ ਸੁਝਾਅ ਰੱਖੇ, ਜਿਨ੍ਹਾਂ ’ਤੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਹਦਾਇਤਾਂ ਕੀਤੀਆਂ। ਸਿਹਤ ਮੰਤਰੀ ਨੇ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੁੱਖ ਮਸਲਾ ਮੰਨਦਿਆਂ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਜਲਦ ਹੀ ਪਾਣੀ ਦੀ ਨਿਕਾਸੀ ਲਈ ਢਾਂਚਾਗਤ ਸੁਧਾਰ ਕੀਤੇ ਜਾਣਗੇ ਤੇ ਨਾਲ ਹੀ ਪੰਚਾਇਤੀ ਅਤੇ ਡਰੇਨੇਜ਼ ਵਿਭਾਗ ਨਾਲ ਮਿਲ ਕੇ ਪਿੰਡ ਪੱਧਰ ’ਤੇ ਰੋਡ ਮੈਪ ਤਿਆਰ ਕਰ ਕੇ, ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ ਯਕੀਨੀ ਬਣਾਈ ਜਾਵੇਗੀ ਤੇ ਪੁਰਾਣੀਆਂ ਨਿਕਾਸੀ ਲਾਈਨਾਂ ਦੀ ਸਫਾਈ ਤੇ ਮੁਰੰਮਤ ਵੀ ਕਰਵਾਈ ਜਾਵੇਗੀ।