ਹਲਕਾ ਸਨੌਰ ਵਿੱਚ ਘੱਗਰ ਅਤੇ ਟਾਂਗਰੀ ਨਦੀ ਦੇ ਹੜ੍ਹ ਨੇ ਦੇਵੀਗੜ੍ਹ ਇਲਾਕੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਲਈ ਪੰਜਾਬ ਸਰਕਾਰ ਜਲਦੀ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਉਸ ਦਾ ਮੁਆਵਜ਼ਾ ਦੇਵੇ ਤਾਂ ਕਿ ਕਿਸਾਨ ਮੁੜ ਪੈਰਾਂ ’ਤੇ ਖੜ੍ਹੇ ਹੋ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੋਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਪਿੰਡ ਅਦਾਲਤੀਵਾਲਾ ਵਿੱਚ ਪੀੜਤ ਕਿਸਾਨਾਂ ਦਾ ਦੁੱਖ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਟਾਂਗਰੀ ਅਤੇ ਘੱਗਰ ਦਰਿਆ ਦੇ ਹੜ੍ਹ ਨਾਲ ਪਿੰਡ ਬੁੱਧਮੋਰ, ਬੀਬੀਪੁਰ, ਮਲਕਾਣ ਰੁੜਕੀ, ਗਣੇਸ਼ਪੁਰ, ਖਤੌਲੀ, ਔਜਾਂ, ਬ੍ਰਹਮਪੁਰ, ਮੌਹਲਗੜ੍ਹ, ਦੁੱਧਨ ਗੁਜਰਾਂ, ਰੱਤਾ ਖੋੜਾਂ, ਚੂਹਟ ਆਦਿ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ 1600 ਏਕੜ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਜਲਦ ਤੋਂ ਜਲਦ ਮੁਆਵਜਾ ਦੇਵੇ ਤਾਂ ਕਿ ਕਿਸਾਨ ਅਗਲੀ ਫਸਲੀ ਬੀਜਣ ਦੀ ਤਿਆਰੀ ਕਰ ਸਕਣ। ਉਨ੍ਹਾਂ ਪਿੰਡ ਅਹਿਰੂ ਕਲਾਂ ਦੇ ਹੜ੍ਹ ਵਿਚ ਰੁੜ ਕੇ ਮਰਨ ਵਾਲੇ ਲੜਕੇ ਦੇ ਭੋਗ ਅਤੇ ਪਿੰਡ ਖਾਂਸਾ ਵਿੱਚ ਬੱਸ ਥੱਲੇ ਆ ਕੇ ਮਾਰੇ ਗਏ ਕਿਸਾਨ ਦੇ ਭੋਗ ਵਿੱਚ ਵੀ ਹਾਜ਼ਰੀ ਲੁਆਈ। ਇਸ ਮੌਕੇ ਮਹਿਕ ਗਰੇਵਾਲ ਨੈਣਾ, ਹਰਵੀਰ ਸਿੰਘ ਥਿੰਦ ਪ੍ਰਧਾਨ, ਹਰਦੀਸ਼ ਸਿੰਘ ਸੰਧੂ, ਗੁਰਵਿੰਦਰ ਰੱਤਾਖੇੜਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।