ਹਰਿੰਦਰਪਾਲ ਚੰਦੂਮਾਜਰਾ ਵੱਲੋਂ ਕਈ ਪਿੰਡਾਂ ਦਾ ਦੌਰਾ
ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੁੱਧਨ ਗੁੱਜਰਾਂ, ਖਤੌਲੀ, ਅਹਿਰੂ ਖੁਰਦ ਖਾਲਸਪੁਰ, ਬੱਤਾ, ਬੱਤੀ, ਕਰਨਪੁਰ ਤੇ ਕੋਟਲਾ ਆਦਿ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਚੀਨੀ ਵਾਇਰਸ (ਮਧਰੇਪਣ ਰੋਗ) ਦੀ ਲਪੇਟ ਵਿੱਚ ਆਈ ਫ਼ਸਲ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ’ਚ ਝੋਨੇ ’ਤੇ ਦੂਜੀ ਵਾਰ ਚੀਨੀ ਵਾਇਰਸ ਨੇ ਹਮਲਾ ਕੀਤਾ ਹੈ। ਇਨ੍ਹਾਂ ਪਿੰਡਾਂ ਦੇ ਕਈ ਕਿਸਾਨਾਂ ਨੇ ਤਾਂ ਆਪਣਾ ਝੋਨਾ ਵਹਾਅ ਹੀ ਦਿੱਤਾ ਹੈ, ਜਿਸ ਦੀ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹੁਣ ਜਿੱਥੇ ਹੜ੍ਹਾਂ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਹੈ ਉਥੇ ਫ਼ਸਲ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਚੰਦੂਮਾਜਰਾ ਨੇ ਜਦੋਂ ਪਿੰਡ ਪੰਜੌਲਾ ਵਿੱਚ ਮਧਰੇਪਣ ਰੋਗ ਨਾਲ ਖਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲਿਆਂ ਤਾਂ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਇਸ ਮਗਰੋਂ ਤਹਿਸੀਲਦਾਰ ਕਰਨਪ੍ਰੀਤ ਸਿੰਘ ਭੁੱਲਰ ਅਤੇ ਪਟਵਾਰੀ ਭੁਪਿੰਦਰ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਚੰਦੂਮਾਜਰਾ ਵੱਲੋਂ ਉਨ੍ਹਾਂ ਦੇ ਨਾਲ ਬਿਮਾਰੀ ਦੇ ਮਾਰ ਹੇਠ ਆਈ ਫ਼ਸਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ।