ਦਿਵਿਆਂਗ ਮੁਲਾਜ਼ਮ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ
ਬਾਬਾ ਇੰਦਰ ਸਿੰਘ ਵੱਲੋਂ 21 ਹਜ਼ਾਰ ਤੇ ਮੁਲਾਜ਼ਮਾਂ ਵੱਲੋਂ 31 ਹਜ਼ਾਰ ਦੀ ਮਦਦ
ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਡਿਊੂਟੀ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦਰਸ਼ਨ ਸਿੰਘ ਦੀ ਆਟਾ ਗੁੰਨ੍ਹਣ ਵਾਲ਼ੀ ਮਸ਼ੀਨ ’ਚ ਆਉਣ ਕਾਰਨ ਬਾਂਹ ਕੱਟੀ ਗਈ ਸੀ, ਜਿਸ ਸਬੰਧੀ ਗੁਰਦਵਾਰਾ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਭਾਗ ਸਿੰਘ ਚੌਹਾਨ ਵੱਲੋਂ ਬਣਾ ਕੇ ਭੇਜੇ ਗਏ ਕੇਸ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਮੁੱਖ ਦਫਤਰ ਤੋਂ ਪੀੜਤ ਮੁਲਾਜ਼ਮ ਲਈ ਵਿੱਤੀ ਮਦਦ ਵਜੋਂ 75 ਹਜ਼ਾਰ ਦਾ ਚੈੱਕ ਭੇਜਿਆ ਗਿਆ। ਇਹ ਚੈੱਕ ਇਥੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਦਰਸ਼ਨ ਸਿੰਘ ਨੂੰ ਸੌਂਪਿਆ, ਜਿਸ ਦੌਰਾਨ ਹੀ ਉਨ੍ਹਾਂ ਨੇ ਕਮੇਟੀ ਦੀ ਤਰਫੋਂ ਹੀ ਹੋਰ ਮਦਦ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਮੈਨੇਜਰ ਭਾਗ ਸਿੰਘ ਚੌਹਾਨ, ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਕਾਰ ਸੇਵਾ ਵਾਲੇ ਬਾਬਾ ਇੰਦਰ ਸਿੰਘ, ਸਰਾਂ ਇੰਚਾਰਜ ਹਰਵਿੰਦਰ ਸਿੰਘ ਕਾਲ਼ਵਾ, ਸੁਪਰਵਾਈਜਰ ਰਵਿੰਦਰ ਸਿੰਘ ਗੋਲਡੀ ਟਿਵਾਣਾ, ਪੰਮਾ ਪਨੌਦੀਆਂ, ਮਨਜੀਤ ਪੁਆਰ ਅਤੇ ਸਰਬਜੀਤ ਸਿੰਘ ਸਮੇਤ ਹੋਰ ਵੀ ਮੌਜੂਦ ਸਨ। ਇਸੇ ਦੌਰਾਨ ਇਸ ਮੌਕੇ ਹੀ ਕਾਰ ਸੇਵਾ ਵਾਲੇ ਬਾਬਾ ਇੰਦਰ ਸਿੰਘ ਨੇ ਨਿੱਜੀ ਤੌਰ ’ਤੇ ਆਪਣੀ ਤਰਫੋਂ ਇਸ ਪੀੜਤ ਮੁਲਾਜ਼ਮ ਦਰਸ਼ਨ ਸਿੰਘ ਨੂੰ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵਿੱਤੀ ਮਦਦ ਵਜੋਂ ਪ੍ਰਦਾਨ ਕੀਤੀ। ਸਹਾਇਕ ਰਿਕਾਰਡ ਕੀਪਰ ਭਾਈ ਹਜ਼ੂਰ ਸਿੰਘ ਸਮਾਣਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਥਾਨਕ ਮੁਲਾਜ਼ਮਾਂ ਵੱੱਲੋਂ ਵੀ 31 ਹਜ਼ਾਰ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਦਰਸ਼ਨ ਸਿੰਘ ਨੂੰ ਵਿੱਤੀ ਮਦਦ ਵਜੋਂ ਦਿਤੀ ਹੈ।

