ਹਡਾਣਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਆਮ ਆਦਮੀ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਸਬ ਡਿਵੀਜ਼ਨ ਦੂਧਨਸਾਧਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਬ ਡਿਵੀਜ਼ਨ ਦਫ਼ਤਰ ਵਿੱਚ ਐੱਸਡੀਐੱਮ ਕਿਰਪਾਲਵੀਰ ਸਿੰਘ ਅਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪਟਵਾਰੀਆਂ ਨੂੰ ਹੜ੍ਹਾਂ ਨਾਲ ਨੁਕਸਾਨੀਆਂ ਕਿਸਾਨਾਂ ਦੀਆਂ ਫ਼ਸਲਾਂ ਦੀ ਜਲਦੀ ਗਿਰਦਾਵਰੀ ਮੁਕੰਮਲ ਕਰਨ ਲਈ ਆਖਿਆ। ਸ੍ਰੀ ਹੜਾਣਾ ਨੇ ਹੜ੍ਹ ਪ੍ਰਭਾਵਿਤ ਦੂਧਨਗੁੱਜਰਾਂ, ਅਦਾਲਤੀਵਾਲਾ ਸਮੇਤ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਜਲਦ ਤੋਂ ਜਲਦ ਗਿਰਦਾਵਰੀ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੜ੍ਹ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਲਦੀ ਮੁਆਵਜ਼ਾ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟਾਂਗਰੀ ਅਤੇ ਘੱਗਰ ਦਰਿਆ ਦੇ ਪਾਣੀ ਨਾਲ ਹਲਕਾ ਸਨੌਰ ਦੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਟਾਂਗਰੀ, ਘੱਗਰ ਤੇ ਮਾਰਕੰਡੇ ਦਾ ਪੱਕਾ ਹੱਲ ਕਰਵਾਇਆ ਜਾਵੇਗਾ ਤਾਂ ਕਿ ਅੱਗੇ ਤੋਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਜਲਦੀ ਹੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੀ ਏ ਗੁਰਵਿੰਦਰ ਸਿੰਘ ਲਾਲੀ ਰਹਿਲ, ਹਰਵਿੰਦਰ ਸਿੰਘ ਚੂਹੰਟ, ਰਾਜਵਿੰਦਰ ਸਿੰਘ ਹਡਾਣਾ, ਬਿਕਰਮਜੀਤ ਸਿੰਘ, ਰਾਜਾ ਧੰਜੂ ਸਵਾਈਸਿੰਘਵਾਲਾ, ਗੁਰਵਿੰਦਰ ਸਿੰਘ ਅਦਾਲਤੀ ਵਾਲਾ, ਧਰਮਪਾਲ ਸ਼ੇਖੂਪੁਰ, ਦਿਵਾਂਸ਼ੂ ਸਨੌਰ, ਜਸਵਿੰਦਰ ਸਿੰਘ ਬੰਟੀ ਅਤੇ ਗੁਰਪ੍ਰੀਤ ਸਿੰਘ ਰਾਜਗੜ੍ਹ ਤੋਂ ਇਲਾਵਾ ‘ਆਪ’ ਵਰਕਰ ਹਾਜ਼ਰ ਸਨ।
ਭਾਕਿਯੂ (ਡਕੌਂਦਾ) ਵੱਲੋਂ ਝੋਨੇ ਦਾ ਜਾਇਜ਼ਾ
ਨਾਭਾ (ਮੋਹਿਤ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਤੇ ਹੋਰ ਸੂਬਾਈ ਆਗੂਆਂ ਨੇ ਅੱਜ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੇ ਹਾਲਾਤ ਦੇਖੇ। ਉਨ੍ਹਾਂ ਪਿੰਡ ਖਨੌੜਾ, ਆਲੋਵਾਲ, ਭੜੀ ਪਨੈਚਾਂ ਤੇ ਪਿੰਡ ਮਡੌੜ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਝੋਨੇ ਵਿੱਚ ਕਾਫੀ ਜਿਆਦਾ ਬੌਣੇ ਬੂਟੇ ਆ ਗਏ ਹਨ ਤੇ ਕਈ ਥਾਂ ਕਿਸਾਨ ਫਸਲ ਨੂੰ ਵਾਹੁਣ ਲਈ ਮਜਬੂਰ ਹੋ ਗਏ ਹਨ। ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸਰਕਾਰ ਇਨ੍ਹਾਂ ਖੇਤਾਂ ਦੀ ਫੌਰੀ ਤੌਰ ’ਤੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਜੇਕਰ ਸਰਕਾਰ ਵੱਲੋਂ ਇਨ੍ਹਾਂ ਖੇਤਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇਸ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਜਿਹੜੇ ਵੀ ਪਿੰਡਾਂ ਦਾ ਦੌਰਾ ਕੀਤਾ, ਉੱਥੇ 60 ਤੋਂ 70 ਕਿਲੇ ਵਾਇਰਸ ਦੀ ਮਾਰ ਹੇਠ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਪਿੰਡਾਂ ਵਿੱਚੋਂ ਬੌਣੇ ਵਾਇਰਸ ਦੀ ਸ਼ਿਕਾਇਤ ਆ ਰਹੀ ਹੈ ਤੇ ਇਹ ਕੁਝ ਖਾਸ ਕਿਸਮ ਦੇ ਜਿਨਸ ਵਿੱਚ ਵੱਧ ਦੇਖਣ ਨੂੰ ਮਿਲਿਆ ਜਿਵੇਂ 131 ਨੰਬਰ ਤੇ ਬਾਸਮਤੀ ਦੀਆਂ ਵੀ ਇੱਕ ਦੋ ਕਿਸਮਾਂ ਨੂੰ ਇਸਦੀ ਮਾਰ ਵੱਧ ਪਈ ਹੈ। ਇਸ ਮੌਕੇ ਵਿਧਾਇਕ ਦੇਵ ਮਾਨ ਨੇ ਭਰੋਸਾ ਦਿੱਤਾ ਕਿ ਇਸ ਵਾਇਰਸ ਦੀ ਮਾਰ ਹੇਠ ਆਏ ਖੇਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।