ਗੁਰੂ ਰਵਿਦਾਸ ਟਰੱਸਟ ਕਮੇਟੀ ਦੀ ਚੋਣ ਵਿਵਾਦਾਂ ’ਚ ਘਿਰੀ
ਇੱਥੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ (ਮੰਦਰ) ਵਿੱਚ ਕੱਲ੍ਹ ਗੁਰੂ ਰਵਿਦਾਸ ਟਰੱਸਟ ਕਮੇਟੀ ਦੀ ਨਵੀਂ ਹੋਈ ਚੋਣ ਉਦੋਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਕਮੇਟੀ ਦੇ ਪੁਰਾਣੇ ਪ੍ਰਧਾਨ ਪਰਮਜੀਤ ਸਿੰਘ ਮਾਹੀ ਅਤੇ ਹੋਰਨਾਂ ਮੈਂਬਰਾਂ ਨੇ ਨਵੀਂ ਕਮੇਟੀ ਦੀ ਚੋਣ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ। ਪ੍ਰਧਾਨ ਮਾਹੀ ਨੇ ਦੱਸਿਆ ਕਿ ਕਮੇਟੀ ਦੇ ਉਹ ਮੌਜੂਦਾ ਪ੍ਰਧਾਨ ਹਨ ਅਤੇ ਉਨ੍ਹਾਂ ਦੀ ਟਰਮ 2026 ਵਿਚ ਖ਼ਤਮ ਹੋਵੇਗੀ। ਪ੍ਰਧਾਨ ਰਾਜਿੰਦਰ ਸਿੰਘ ਚਪੜ ਨੇ ਬਿਨਾਂ ਕਮੇਟੀ ਨਾਲ ਸਲਾਹ ਮਸ਼ਵਰਾ ਕੀਤੇ ਚੋਣ ਕਰਵਾ ਦਿੱਤੀ। ਉਨ੍ਹਾਂ ਦਾ ਗੁਰਦੁਆਰਾ ਕਮੇਟੀ ਨਾਲ ਕੋਈ ਸਬੰਧ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕਮੇਟੀ ਬਣਾਉਣ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਗੱਲ ਵੀ ਆਖੀ। ਇਸ ਮੌਕੇ ਉਨ੍ਹਾਂ ਨਾਲ ਧਨਵੰਤ ਸਿੰਘ ਅਤੇ ਮਨਜੀਤ ਸਿੰਘ ਵੀ ਮੌਜੂਦ ਸਨ। ਰਾਜਿੰਦਰ ਸਿੰਘ ਚਪੜ ਨੇ ਕਿਹਾ ਕਿ ਚੋਣ ਸੰਵਿਧਾਨ ਮੁਤਾਬਕ ਕਰਵਾਈ ਹੈ। ਸੰਵਿਧਾਨ ਮੁਤਾਬਕ ਚੋਣ ਹਰ ਸਾਲ ਕਰਵਾਈ ਜਾਣੀ ਚਾਹੀਦੀ ਹੈ ਜੋ ਕਿ ਪੁਰਾਣੀ ਕਮੇਟੀ ਨੇ ਪਿਛਲੇ ਲੰਬੇ ਸਮੇਂ ਤੋਂ ਨਹੀਂ ਕਰਵਾਈ। ਚੋਣ ਰਵੀਦਾਸੀਆ ਭਾਈਚਾਰੇ ਦਾ ਇਕੱਠ ਕਰ ਕੇ ਕਰਵਾਈ ਜਾਣੀ ਚਾਹੀਦੀ ਹੈ ਜੋ ਕਿ ਪੁਰਾਣੇ ਮੈਂਬਰਾਂ ਵੱਲੋਂ ਇਹ ਸ਼ਰਤ ਵੀ ਪੂਰੀ ਨਹੀਂ ਕੀਤੀ ਗਈ।