ਝੋਨੇ ਦੇ ਘੱਟ ਨਿਕਲੇ ਝਾੜ ਦੀ ਭਰਪਾਈ ਕਰੇ ਸਰਕਾਰ: ਚੰਦੂਮਾਜਰਾ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਝੋਨੇ ਦੇ ਘੱਟ ਝਾੜ ਦੇ ਕਾਰਨਾਂ ਨੂੰ ਕੁਦਰਤੀ ਆਫਤ ਵਿੱਚ ਸ਼ਾਮਲ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਇਸ ਦੀ ਭਰਭਾਈ ਕਰੇ। ਭਾਵੇਂ ਹੜ੍ਹਾਂ ਦੀ ਮਾਰ ਨੂੰ ਗੰਭੀਰ ਕੁਦਰਤੀ ਮਾਰ...
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਝੋਨੇ ਦੇ ਘੱਟ ਝਾੜ ਦੇ ਕਾਰਨਾਂ ਨੂੰ ਕੁਦਰਤੀ ਆਫਤ ਵਿੱਚ ਸ਼ਾਮਲ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਇਸ ਦੀ ਭਰਭਾਈ ਕਰੇ। ਭਾਵੇਂ ਹੜ੍ਹਾਂ ਦੀ ਮਾਰ ਨੂੰ ਗੰਭੀਰ ਕੁਦਰਤੀ ਮਾਰ ਵਿੱਚ ਪਾ ਕੇ ਕੇਂਦਰ ਸਰਕਾਰ ਵੱਲੋਂ ਵਧੀਆ ਕਦਮ ਚੁੱਕਿਆ ਗਿਆ ਹੈ ਪਰ ਜਿਸ ਤਰ੍ਹਾਂ ਚੀਨੀ ਵਾਇਰਸ ਤੇ ਹਲਦੀ ਰੋਗ ਨੇ ਝੋਨੇ ਦੀ ਫਸਲ ਦੇ ਝਾੜ ਨੂੰ ਘਟਾਇਆ ਹੈ ਉਸ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹੜ੍ਹਾਂ ਦੀ ਮਾਰ ਨੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਤੇ ਦੂਜੇ ਪਾਸੇ ਚੀਨੀ ਵਾਇਰਸ ਅਤੇ ਹਲਦੀ ਰੋਗ ਦੇ ਕਾਰਨ ਝੋਨੇ ਦਾ 40 ਤੋਂ 50 ਫੀਸਦੀ ਝਾੜ ਘੱਟ ਨਿਕਲ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੀਆਂ ਵੱਖ-ਵੱਖ ਟੀਮਾਂ ਮੰਡੀਆਂ ਵਿੱਚ ਭੇਜ ਕੇ ਘੱਟ ਝਾੜ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਆਪਣੀ ਰਿਪੋਰਟ ਤਿਆਰ ਕਰਨ ਤੇ ਉਸੀ ਰਿਪੋਰਟ ਦੇ ਆਧਾਰ ’ਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਕੇਂਦਰ ਦੇ ਕੋਲ ਨਾ ਚੁੱਕਿਆ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਵਫਦ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਪੰਜਾਬ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰੇਗਾ। ਝੋਨੇ ਦੇ ਘੱਟ ਝਾੜ ਦਾ ਅਸਰ ਹਰ ਕਿਸਾਨ ਹਰ ਮਜ਼ਦੂਰ ਹਰ ਆੜ੍ਹਤੀ ਹਰ ਟਰਾਂਸਪੋਰਟ ਅਤੇ ਹਰ ਸ਼ੈੱਲਰ ਮਾਲਕ ’ਤੇ ਪੈ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਚੰਦੂਮਾਜਰਾ ਨੇ ਕੇਂਦਰ ਤੋਂ ਵੀ ਮੰਗ ਕੀਤੀ ਕਿ ਉਹ ਐੱਮ ਐੱਸ ਪੀ ਦੇ ਨਿਯਮਾਂ ਵਿੱਚ ਢਿੱਲ ਦੇਵੇ ਤਾਂ ਕਿ ਝੋਨੇ ਦੀ ਖਰੀਦ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਹੜ੍ਹਾਂ ਦੇ ਕਾਰਨ ਫੇਰ ਬਿਮਾਰੀ ਦੇ ਕਾਰਨ ਕਿਸਾਨ ਨੁਕਸਾਨ ਵਿੱਚ ਹੈ ਅਜਿਹੇ ਵਿੱਚ ਜਿਹੜੀ ਫਸਲ ਕੱਟ ਕੇ ਮੰਡੀਆਂ ਵਿੱਚ ਲੈ ਕੇ ਆ ਰਿਹਾ ਹੈ ਉਸ ਵਿੱਚ ਐੱਮ ਐੱਸ ਪੀ ਦੇ ਨਿਯਮਾਂ ਦੇ ਕਾਰਨ ਕਈ ਥਾਵਾਂ ’ਤੇ ਝੋਨੇ ਦੀ ਖਰੀਦ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਆ ਰਿਹਾ ਹੈ ਉਸ ਨੂੰ ਨਿਯਮਾਂ ਵਿੱਚ ਢਿਲ ਦੇ ਕੇ ਆਸਾਨ ਬਣਾਇਆ ਜਾਵੇ। ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਝੋਨੇ ਦੀ ਖਰੀਦ ਨੂੰ ਯੂਐੱਸ ਆਰ ਵਿੱਚ ਲਿਆਂਦਾ ਜਾਵੇ।