ਹੜ੍ਹ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕਰੇ ਸਰਕਾਰ: ਸ਼ੈਰੀ ਰਿਆੜ
ਹਲਕਾ ਸਨੌਰ ਪਿੰਡ ਦੁੱਧਨ ਗੁੱਜਰਾਂ ਵਿੱਚ ਸੀਨੀਅਰ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਅੱਜ ਹੜ ਪ੍ਰਭਾਵਿਤ ਟਾਂਗਰੀ ਨਦੀ ਅਤੇ ਆਸ ਪਾਸ ਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਟਾਂਗਰੀ ਨਦੀ ਦੇ ਪਾਣੀ ਕਾਰਨ ਆਸ-ਪਾਸ ਦੇ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਹੈ, ਜਨ ਜੀਵਨ ਪ੍ਰਭਾਵਿਤ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਸੁੱਤਾ ਪਿਆ ਹੈ। ਹਲਕੇ ਦੇ ਵਿਧਾਇਕ ਦਾ ਕੋਈ ਅਤਾ-ਪਤਾ ਨਹੀਂ ਹੈ, ਜਿਹੜੇ ‘ਆਪ’ ਪਾਰਟੀ ਦੇ ਆਗੂ ਹੁਣ ਹੜ੍ਹਾਂ ਦੌਰਾਨ ਆ ਰਹੇ ਹਨ ਉਹ ਸਿਰਫ ਤਸਵੀਰਾਂ ਖਿਚਵਾ ਕੇ ਤੁਰ ਜਾਂਦੇ ਹਨ। ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਤੋਂ ਭਰੋਸਾ ਉੱਠ ਚੁੱਕਿਆ ਹੈ। ਸ਼ੈਰੀ ਰਿਆੜ ਨੇ ਕਿਹਾ ਕਿ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦੌਰੇ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਇੱਕ ਸਿਆਸੀ ਦੌਰਾ ਸੀ। ਸ਼ੈਰੀ ਰਿਆੜ ਨੇ ਕਿਹਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਗੋਲੂ ਗੁੱਜਰ, ਹਰਦੀਪ ਗੁੱਜਰ, ਰਣਦੀਪ ਦੀਪਾ, ਵਿਕੀ ਹਰੀਗੜ੍ਹ, ਹੈਪੀ ਗੁੱਜਰ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।