ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਾਰਚ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਪੂਰਾ ਹਫ਼ਤਾ 24 ਘੰਟੇ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਲਈ ਪੁੱਟੀਆਂ ਸੜਕਾਂ ਦੇ ਬਾਕੀ ਰਹਿ ਗਏ ਨਿਰਮਾਣ ਕਾਰਜ ਲਈ ਸਰਕਾਰ ਨੇ 17.58 ਕਰੋੜ ਰੁਪਏ ਮੁਹੱਈਆ ਕਰਵਾਏ ਹਨ। ਟੁੱਟੀਆਂ ਸੜਕਾਂ ਕਰ ਕੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਅਪਰੈਲ ਵਿੱਚ ਖਤਮ ਹੋ ਜਾਵੇਗੀ। ਉਹ ਅੱਜ ਪੁੱਟੀਆਂ ਸੜਕਾਂ ਦੀ ਮੁਰੰਮਤ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਕਰ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਮੌਜੂਦ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਸਪਲਾਈ ਲਈ 312 ਕਿਲੋਮੀਟਰ ਵਿੱਚੋਂ 192 ਕਿਲੋਮੀਟਰ ਪਾਈਪਾਂ ਵਿਛਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਦਾ ਕੰਮ ਜਾਰੀ ਹੈ। ਵਿਧਾਇਕ ਦੱਸਿਆ ਕਿ ਨਹਿਰੀ ਪਾਣੀ ਦੀ ਸਪਲਾਈ ਦਾ ਪਹਿਲਾ ਪੜਾਅ ਜੁਲਾਈ ’ਚ ਸ਼ੁਰੂ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਕੰਮ ਲਈ 136 ਕਿਲੋਮੀਟਰ ਸੜਕਾਂ ਪੁੱਟੀਆਂ ਗਈਆਂ ਸਨ ਜਿਸ ’ਚੋਂ ਬਣਾਈਆਂ ਗਈਆਂ 83 ਕਿਲੋਮੀਟਰ ਸੜਕਾਂ ਵਿੱਚੋਂ 75 ਲੈਂਡ ਐਂਡ ਟੀ ਵੱਲੋਂ, 5 ਲੋਕ ਨਿਰਮਾਣ ਵਿਭਾਗ ਅਤੇ 3 ਕਿਲੋਮੀਟਰ ਨਗਰ ਨਿਗਮ ਨੇ ਬਣਾਈਆ ਹਨ। ਬਾਕੀ 53 ਕਿਲੋਮੀਟਰ ਸੜਕਾਂ ਵੀ ਇਨ੍ਹਾਂ ਵੱਲੋਂਹੀ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਏਡੀਸੀ ਨਵਰੀਤ ਕੌਰ ਸੇਖੋਂ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਅਤੇ ਐਸਈ ਹਰਕਿਰਨ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।