ਸਰਕਾਰ ਸ਼ਰਧਾ ਨਾਲ ਮਨਾ ਰਹੀ ਹੈ ਸ਼ਹੀਦੀ ਸ਼ਤਾਬਦੀ: ਡਾ. ਬਲਬੀਰ
ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਕੀਰਤਨ ਸਮਾਗਮ ’ਚ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਇਥੇ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ’ਚ ਸੰਗਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਗੁਰੂ ਘਰ ਪੁੱਜੀ ਹੋਈ ਸੀ। ਸਿਹਤ ਮੰਤਰੀ, ਵਿਧਾਇਕਾਂ, ਚੇਅਰਮੈਨਾ, ਹੋਰ ‘ਆਪ’ ਆਗੂਆਂ ਤੇ ਡਿਪਟੀ ਕਮਿਸ਼ਨਰ ਡਾ. ਪ੍ਰ੍ਰੀਤੀ ਯਾਦਵ ਸਣੇ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਨੇ ਇਸ ਸਮਾਗਮ ’ਚ ਸ਼ਿਰਕਤ ਕੀਤੀ। ਸਰਕਾਰੀ ਪੱਧਰ ’ਤੇ ਇਸ ਕਦਰ ਹੋਇਆ ਇਹ ਪਹਿਲਾ ਹੀ ਧਾਰਮਿਕ ਸਮਾਗਮ ਹੈ। ਜਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਹੇਠਲੇ ਇਸ ਕੀਰਤਨ ਸਮਾਗਮ ’ਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਸੁਰਿੰਦਰ ਸਿੰਘ-ਨਛੱਤਰ ਸਿੰਘ ਸਮੇਤ ਭਾਈ ਦਵਿੰਦਰ ਸਿੰਘ ਸੋਹਾਣਾ ਸਾਹਿਬ ਵਾਲਿਆਂ ਦੇ ਜਥੇ ਨੇ ਵੀ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਰਾਗੀ ਜਥਿਆਂ ਨੇ ਗੁਰੂ ਸਾਹਿਬ ਸਣੇ ਹੋਰ ਸ਼ਹੀਦਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਪੂਰੀ ਸ਼ਰਧਾ ਭਾਵਨਾ ਨਾਲ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਮਨਾ ਰਹੀ ਹੈ। ਸ੍ਰੀ ਦਮਦਮਾ ਸਾਹਿਬ ਤੋਂ 21 ਨਵੰਬਰ ਨੂੰ ਪਟਿਆਲਾ ਪੁੱਜ ਰਹੇ ਨਗਰ ਕੀਰਤਨ ਦਾ ਸਰਕਾਰ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਪੂਰੀ ਮਾਨਵਤਾ ਲਈ ਸੀ, ਜਿਸ ਕਰਕੇ ਉਨ੍ਹਾਂ ਦੇ ਜੀਵਨ, ਫ਼ਲਸਫ਼ੇ, ਸਿੱਖਿਆਵਾਂ ਤੇ ਗੁਰਬਾਣੀ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾਉਣ ਲਈ ਉਪਰਾਲੇ ਕਰਦਿਆਂ 23 ਨਵੰਬਰ ਤੋਂ 25 ਨਵੰਬਰ ਤੱਕ ਖ਼ਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਵੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਸਣੇ ਬਲਤੇਜ ਪੰਨੂ, ਮੇਅਰ ਕੁੰਦਨ ਗੋਗੀਆ, ਛੇ ਚੇਅਰਮੈਨ ਬਲਜਿੰਦਰ ਢਿੱਲੋਂ, ਇੰਦਰਜੀਤ ਸੰਧੂ, ਰਣਜੋਧ ਹਡਾਣਾ, ਬਲਜਿੰਦਰ ਝਾੜਵਾਂ, ਤੇਜਿੰਦਰ ਮਹਿਤਾ ਤੇ ਮੇਘਚੰਦ ਸ਼ੇਰਮਾਜਰਾ, ਹਰਿੰਦਰ ਕੋਹਲੀ ਤੇ ਜਗਦੀਪ ਜੱਗਾ ਆਦਿ ਆਗੂਆਂ ਨੇ ਵੀ ਹਾਜ਼ਰੀ ਲੁਵਾਈ। ਡਿਪਟੀ ਕਮਿਸ਼ਨਰ ਨੇ ਕੀਰਤਨ ਸਮਾਗਮ ਦੀ ਸਫ਼ਲਤਾ ਲਈ ਵੱਖ ਵੱਢ ਸੰਥਾਵਾਂ ਦੇ ਮੁਖੀਆਂ ਰਣਜੀਤ ਸਿੰਘ ਚੰਡੋਕ, ਸੰਤ ਕਸ਼ਮੀਰ ਸਿੰਘ ਭੂਰੀ ਵਾਲੇ, ਸੰਤ ਅਮਰ ਸਿੰਘ, ਰਣਧੀਰ ਸਿੰਘ ਢੀਂਡਸਾ, ਬਲਜਿੰਦਰ ਸਿੰਘ ਬੇਦੀ, ਕੈਪਟਨ ਅਮਰਜੀਤ ਸਿੰਘ ਕਾਲੇਕਾ, ਬਲਜਿੰਦਰ ਸਿੰਘ ਦੀਵਾਨ, ਗਿਆਨੀ ਸੁਖਦੇਵ ਸਿੰਘ ਹੈੱਡ ਗ੍ਰੰਥੀ, ਡਾ. ਜਸਬੀਰ ਕੌਰ ਪਟਿਆਲਾ ਤੇ ਪ੍ਰੋ.ਪਰਮਵੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਰਕਾਰੀ ਬੁਲਾਰੇ ਏ ਪੀ ਆਰ ਓ ਹਰਦੀਪ ਸਿੰਘ ਗਹੀਰ ਦਾ ਕਹਿਣਾ ਸੀ ਕਿ ਦੇਰ ਰਾਤ ਤੱਕ ਚੱਲੇ ਇਸ ਕੀਰਤਨ ਸਮਾਗਮ ਦਾ ਵੱਡੀ ਗਿਣਤੀ ਸੰਗਤ ਨੇ ਆਨੰਦ ਮਾਣਿਆ।

