ਪਟਿਆਲਾ-ਸਮਾਣਾ ਰੂਟ ’ਤੇ ਸਰਕਾਰੀ ਬੱਸ ਸੇਵਾ ਸ਼ੁਰੂ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇ ਯਤਨਾਂ ਸਦਕਾ ਸਮਾਣਾ ਤੋਂ ਪਟਿਆਲਾ ਵਾਇਆ ਡਕਾਲਾ ਲਈ ਸਰਕਾਰੀ ਬੱਸ ਸੇਵਾ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਵੱਲੋਂ ਅੱਜ ਪਟਿਆਲਾ ਬੱਸ ਸਟੈਂਡ ਤੋਂ ਪੀਆਰਟੀਸੀ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਪਟਿਆਲਾ ਤੋਂ ਸਮਾਣਾ ਵਾਇਆ ਡਕਾਲਾ ਰੂਟ ’ਤੇ ਰਵਾਨਾ ਕੀਤਾ ਗਿਆ। ਇਹ ਬੱਸ ਸਮਾਣਾ ਤੋਂ ਗਾਜੀਸਲਾਰ, ਧਨੌਰੀ, ਮਵੀ ਸੱਪਾ, ਗਾਜੇਵਾਸ, ਖੇੜੀ ਬਰਨਾ, ਮੱਦੋ ਮਾਜਰਾ, ਤਰੈਂ, ਡਕਾਲਾ, ਕੱਲਰ ਭੈਣੀ, ਖੇੜਾ ਜੱਟਾ, ਰਵਾਸ (ਬੀੜ), ਸੂਲਰ, ਰਜਿੰਦਰਾ ਚੁੰਗੀ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੇ ਪੁਰਾਣਾ ਬੱਸ ਸਟੈਂਡ ਤੋਂ ਹੁੰਦੀ ਹੋਈ ਨਵਾਂ ਬੱਸ ਸਟੈਂਡ ਪਟਿਆਲਾ ਪਹੁੰਚੇਗੀ। ਇਹ ਬੱਸ ਸਵੇਰੇ 6.40 ਤੇ ਸਮਾਣਾ ਤੋਂ ਚੱਲ ਕੇ 7.45 ਵਜੇ ਡਕਾਲਾ ਹੁੰਦੀ ਹੋਈ 8.45 ’ਤੇ ਪਟਿਆਲਾ ਪਹੁੰਚੇਗੀ ਅਤੇ ਪਟਿਆਲਾ ਤੋਂ ਸ਼ਾਮ ਨੂੰ 5.45 ਤੇ ਚੱਲ ਕੇ 6.45 ’ਤੇ ਡਕਾਲਾ ਹੁੰਦੀ ਹੋਈ 7.50 ’ਤੇ ਸਮਾਣਾ ਪਹੁੰਚੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣਾ ਹੀ ਸਾਡੀ ਤਰਜੀਹ ਹੈ ਅਤੇ ਇਸ ਸਰਕਾਰੀ ਬੱਸ ਰੂਟ ਰਾਹੀਂ ਲੋਕਾਂ ਨੂੰ ਆਵਾਜਾਈ ਕਰਨੀ ਆਸਾਨ ਹੋ ਜਾਵੇਗੀ। ਇਹ ਰੂਟ ਖੇਤਰ ਦੇ ਵਸਨੀਕਾਂ ਨੂੰ ਪਟਿਆਲਾ ਅਤੇ ਸਮਾਣਾ ਨਾਲ ਸਿੱਧਾ ਜੋੜੇਗਾ। ਇਸ ਮੌਕੇ ਪੀਆਰਟੀਸੀ ਦੇ ਜੀਐੱਮ ਜਤਿੰਦਰ ਸਿੰਘ ਗਰੇਵਾਲ, ਹਰਿੰਦਰ ਸਿੰਘ ਧਬਲਾਨ, ਸ਼ਾਮ ਲਾਲ ਦੱਤ, ਅੰਗਰੇਜ਼ ਸਿੰਘ ਰਾਮਗੜ੍ਹ, ਬਲਕਾਰ ਸਿੰਘ ਡਕਾਲਾ, ਗੋਪੀ ਸਿੱਧੂ ਸਮੇਤ ਹੋਰ ਵੀ ਮੋਹਤਬਰ ਹਾਜ਼ਰ ਸਨ।