ਨੇੜਲੇ ਪਿੰਡ ਜੁਲਕਾਂ ਵਿੱਚ ਥਾਣੇ ਦੇ ਬਿਲਕੁਲ ਨੇੜੇ ਸਥਿਤ ਇੱਕ ਕਰਿਆਨੇ ਦੀ ਦੁਕਾਨ ’ਤੇ ਬੀਤੀ ਰਾਤ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਤੜਕੇ ਤਕਰੀਬਨ ਢਾਈ ਤੋਂ ਤਿੰਨ ਵਜੇ ਦੇ ਕਰੀਬ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਕੀਮਤੀ ਸਾਮਾਨ ਸਮੇਤ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਇਹ ਘਟਨਾ ਜੁਲਕਾਂ ਪਿੰਡ ਦੇ ਮੁੱਖ ਬਾਜ਼ਾਰ ਵਿੱਚ ਵਾਪਰੀ ਹੈ। ਚੋਰਾਂ ਨੇ ਦੁਕਾਨ ਦੇ ਸ਼ਟਰ ਨੂੰ ਤੋੜਿਆ ਅਤੇ ਅੰਦਰੋਂ ਦਾਲਾਂ, ਘਿਓ, ਤੇਲ ਅਤੇ ਹੋਰ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਚੋਰਾਂ ਨੇ ਲਗਭਗ 30 ਤੋਂ 32 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕੀਤੀ ਹੈ, ਜੋ ਦੁਕਾਨ ਦੇ ਗੱਲੇ ਵਿੱਚ ਪਈ ਹੋਈ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਉੱਥੋਂ ਲੰਘ ਰਿਹਾ ਸੀ, ਜਿਸ ਨੇ ਦੇਖ ਕੇ ਉਨ੍ਹਾਂ ਨੂੰ ਫੋਨ ਕੀਤਾ। ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਦੁਕਾਨ ਮਾਲਕ ਤੋਂ ਪੂਰੀ ਜਾਣਕਾਰੀ ਲਈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।