ਅੰਤਰ-ਜ਼ੋਨਲ ਯੂਥ ਫੈਸਟੀਵਲ ’ਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼
25 ਕਾਲਜਾਂ ਦੇ ਵਿਦਿਅਾਰਥੀਅਾਂ ਨੇ ਹਿੱਸਾ ਲਿਅਾ; ਗਿੱਧਾ, ਰੰਗੋਲੀ, ਵਾਦ-ਵਿਵਾਦ, ਪੇਂਟਿੰਗ, ਫੋਟੋਗ੍ਰਾਫੀ ਮੁਕਾਬਲੇ ਕਰਵਾਏ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਕਰਵਾਈ 10ਵਾਂ ਅੰਤਰ ਜ਼ੋਨਲ ਯੂਥ ਫੈਸਟ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਰਾਜਪੁਰਾ ਵਿੱਚ ਸ਼ੁਰੂ ਹੋਇਆ। ‘ਵਿਰਸਾ ਤੇ ਵਿਕਾਸ’ ਥੀਮ ਹੇਠ ਕਰਵਾਏ ਗਏ ਇਸ ਮੇਲੇ ਵਿੱਚ 25 ਕਾਲਜਾਂ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਰੋਹ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੰਜੀਵ ਕੁਮਾਰ ਸ਼ਰਮਾ ਨੇ ਕੀਤਾ, ਜਦ ਕਿ ਘਨੌਰ ਦੇ ਐੱਮ ਐੱਲ ਏ ਗੁਰਲਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ। ਉਦਘਾਟਨੀ ਸਮਾਗਮ ਦੌਰਾਨ ਡਾ. ਸ਼ਰਮਾ ਨੇ ਕਿਹਾ ਕਿ ਯੂਥ ਫੈਸਟੀਵਲ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ, ਰਚਨਾਤਮਕਤਾ ਤੇ ਨੇਤ੍ਰਤਵ ਗੁਣ ਪੈਦਾ ਕਰਨ ਵਿੱਚ ਮਹੱਤਵਪੂਰਨ ਹਨ। ਵਿਧਾਇਕ ਘਨੌਰ ਨੇ ਆਰੀਅਨਜ਼ ਵੱਲੋਂ ਨੌਜਵਾਨਾਂ ਨੂੰ ਇਕ ਵਿਸ਼ਾਲ ਮੰਚ ਮੁਹੱਈਆ ਕਰਵਾਉਣ ਲਈ ਸ਼ਲਾਘਾ ਕੀਤੀ। ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਗਰੁੱਪ ਨੇ ਹਮੇਸ਼ਾ ਸਮੂਹਿਕ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਹ ਮੇਲਾ ਨੌਜਵਾਨਾਂ ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਹੈ।
ਇਸ ਦੌਰਾਨ ਪ੍ਰੋ. ਭੁਪਿੰਦਰ ਪਾਲ ਸਿੰਘ ਢੋਤ ਨੇ ਯੂਨੀਵਰਸਿਟੀ ਦੀ ਸੱਭਿਆਚਾਰਕ ਅਤੇ ਯੂਥ ਵੈੱਲਫੇਅਰ ਰਿਪੋਰਟ ਪੇਸ਼ ਕੀਤੀ। ਵਿਦਿਆਰਥੀਆਂ ਨੇ ਗਿੱਧਾ, ਰੰਗੋਲੀ, ਵਾਦ-ਵਿਵਾਦ, ਓਨ-ਦਿ-ਸਪਾਟ ਪੇਂਟਿੰਗ, ਫੋਟੋਗ੍ਰਾਫੀ ਵਰਗੇ ਕਈ ਕਲਾਤਮਕ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਹਿੱਸਾ ਲਿਆ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ, ਆਰੀਅਨਜ਼ ਦੇ ਪਰਵੀਨ ਕਟਾਰੀਆ, ਡਾ. ਅਨੁਰਾਗ ਧੀਮਾਨ, ਡਾ. ਜੇ.ਐਸ. ਬੱਧਨ, ਡਾ. ਕ੍ਰਿਸ਼ਨਾ ਸਿੰਗਲਾ, ਡਾ. ਦਿਨੇਸ਼ ਕੁਮਾਰ, ਡਾ. ਰਾਜੇਸ਼ ਗੁਪਤਾ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ।

