ਹਰਚੰਦਪੁਰ, ਬਾਦਸ਼ਾਹਪੁਰ ਤੇ ਰਾਮਪੁਰ ਪੜਤਾ ਦੇ ਖੇਤਾਂ ’ਚ ਭਰਿਆ ਘੱਗਰ ਦਾ ਪਾਣੀ ; ਕਿਸਾਨ ਚਿੰਤਤ
ਹਰਿਆਣਾ ਵਾਲੇ ਹਰਚੰਦਪੁਰਾ, ਬਾਦਸ਼ਾਹਪੁਰ ਦੇ ਖੇਤਾਂ ਵਿੱਚ ਘੱਗਰ ਦਰਿਆ ਦਾ ਪਾਣੀ ਸੈਂਕੜੇ ਏਕੜ ਫ਼ਸਲਾਂ ਵਿੱਚੋਂ ਹੁੰਦਾ ਹੋਇਆ ਰਾਮਪੁਰ ਪੜਤੇ ਦੀ ਸੜਕ ਨੂੰ ਪਾਰ ਕਰ ਰਿਹਾ ਹੈ। ਦੂਜੇ ਪਾਸੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ਉੱਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ 750.6 ’ਤੇ ਚੱਲ ਰਿਹਾ ਹੈ।
ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਘੱਗਰ ਦਰਿਆ ਦੇ ਇੱਕ ਪਾਸੇ ਭਾਵ ਕਿ ਪੰਜਾਬ ਵਾਲੇ ਪਾਸੇ ਨੂੰ ਬੰਨ੍ਹ ਲੱਗਿਆ ਹੈ ਜਦੋਂ ਕਿ ਹਰਿਆਣੇ ਵਾਲੇ ਪਾਸੇ ਕੋਈ ਬੰਨ੍ਹ ਨਾ ਹੋਣ ਕਾਰਨ ਘੱਗਰ ਦਰਿਆ ਦਾ ਪਾਣੀ ਪੰਜਾਬ ਦੇ ਸੈਂਕੜੇ ਏਕੜ ਖੇਤਾਂ ਵਿੱਚ ਭਰ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਰਚੰਦਪੁਰਾ ਦੇ ਨਜ਼ਦੀਕ ਬਹੁਤ ਸਾਰਾ ਰਕਬਾ ਪਿਛਲੇ ਕਈ ਦਿਨਾਂ ਤੋਂ ਪਾਣੀ ਵਿੱਚ ਡੁੱਬਿਆ ਹੋਇਆ ਹੈ। ਅੱਜ ਬਾਦਸ਼ਾਹਪੁਰ ਦੇ ਪੁਲ ਦੇ ਨਜ਼ਦੀਕ ਰਾਮਪੁਰ ਪੜਤੇ ਨੂੰ ਜਾਣ ਵਾਲੀ ਸੜਕ ਤੋਂ ਘੱਗਰ ਦਾ ਪਾਣੀ ਪਾਰ ਹੋ ਕੇ ਨੀਵੇਂ ਖੇਤਾਂ ਵਿੱਚ ਪੈ ਰਿਹਾ ਹੈ।
ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਗੋਭ ਵਿੱਚ ਆਈ ਝੋਨੇ ਦੀ ਫ਼ਸਲ ਲਈ ਬੜਾ ਘਾਤਕ ਸਿੱਧ ਹੋਵੇਗਾ। 2023 ਵਿੱਚ ਆਏ ਹੜ੍ਹ ਦੇ ਕਾਰਨ ਉਨ੍ਹਾਂ ਦੇ ਪਿੰਡ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਸੀ,ਜਿੱਥੇ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋਈ ਸੀ।
ਉਨ੍ਹਾਂ ਦੱਸਿਆ ਹੈ ਕਿ ਉਸ ਸਮੇਂ ਉਹ ਦੁਬਾਰਾ ਝੋਨਾ ਲਾ ਲੈਣ ਕਾਰਨ ਉਹ ਕੁੱਝ ਨਾ ਕੁੱਝ ਭਰਪਾਈ ਕਰਨ ਵਿੱਚ ਸਫ਼ਲ ਹੋਏ ਸਨ ਪਰ ਇਸ ਵਾਰ ਤਾਂ ਉਨ੍ਹਾਂ ਕੋਲ ਕੋਈ ਵਿਕਲਪ ਬਾਕੀ ਨਹੀਂ ਹੈ।