ਘੱਗਾ ਸਕੂਲ ਦੇ ਵਿਦਿਆਰਥੀ ਮੰਦਿਰ ’ਚ ਪੜ੍ਹਨ ਲਈ ਮਜਬੂਰ
ਇਮਾਰਤ ਅਸੁਰੱਖਿਅਤ ਕਰਾਰ; ਠੰਢ ਵਧਣ ਕਾਰਨ ਬਦਲਵੇਂ ਪ੍ਰਬੰਧਾਂ ਦੀ ਤਿਆਰੀ
ਇੱਥੋਂ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡੇਰਾ ਬਾਜ਼ੀਗਰ ਘੱਗਾ ਬ੍ਰਾਂਚ ਦੀ ਇਮਾਰਤ ਅਸੁਰੱਖਿਅਤ ਐਲਾਨ ਦਿੱਤੀ ਗਈ ਹੈ। ਵਿਦਿਆਰਥੀ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਇੱਕ ਕਿਲੋਮੀਟਰ ਦੂਰ ਸ਼ਿਵ ਮੰਦਿਰ ’ਚ ਕਲਾਸਾਂ ਲਾ ਰਹੇ ਹਨ, ਜਿੱਥੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਹੁਣ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਤਿਆਰੀ ਕੀਤੀ ਜਾਣ ਲੱਗੀ ਹੈ।
ਦੱਸਿਆ ਜਾ ਰਿਹਾ ਹੈ ਕਿ ਠੰਢ ਵਧਣ ਕਾਰਨ ਹੁਣ ਵਿਦਿਆਰਥੀਆਂ ਨੂੰ ਆਪਣੇ ਸਕੂਲ ਤੋਂ ਹੋਰ ਦੂਰ ਪੜ੍ਹਾਉਣ ਦੇ ਪ੍ਰਬੰਧ ਕੀਤੇ ਜਾਣ ਲੱਗੇ ਹਨ। ਸਕੂਲ ਵਿੱਚ ਕਰੀਬ 170 ਬੱਚੇ ਤੇ ਅੱਧੀ ਦਰਜਨ ਅਧਿਆਪਕ ਹਨ| ਸਕੂਲ ਦੀ ਇਮਾਰਤ ਕਰੀਬ 40 ਸਾਲ ਪੁਰਾਣੀ ਹੋਣ ਕਾਰਨ ਮੌਨਸੂਨ ਦੌਰਾਨ ਡਿੱਗਣ ਕਿਨਾਰੇ ਪਹੁੰਚ ਗਈ ਹੈ। ਪਿੰਡ ਦੇ ਮੋਹਤਬਰ ਮਲਕੀਤ ਸਿੰਘ ਘੱਗਾ, ਜੁਗਰਾਜ ਸਿੰਘ ਅਤੇ ਹਰਮੇਸ਼ ਸਿੰਘ ਨੇ ਦੱਸਿਆ ਕਿ ਕਈ ਵਾਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਪਰ ਅਜੇ ਤੱਕ ਮਾਮਲੇ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਵਿਦਿਆਰਥੀਆਂ ਨੂੰ ਮੰਦਿਰ ਵਿੱਚ ਪੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਚਿੰਤਾ ਜਤਾਈ ਕਿ ਜੇਕਰ ਦੋ-ਢਾਈ ਕਿਲੋਮੀਟਰ ਦੂਰ ਪੈਂਦੇ ਮੁੱਖ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਤਬਦੀਲ ਕੀਤਾ ਗਿਆਂ ਤਾਂ ਉਹ ਵਿਦਿਆਰਥੀਆਂ ਲਈ ਜੋਖਮ ਵਾਲੀ ਗੱਲ ਹੋਵੇਗੀ।
ਕੇਸ ਤਿਆਰ ਕਰਕੇ ਮੁੱਖ ਦਫ਼ਤਰ ਭੇਜਿਆ: ਬੀ ਡੀ ਪੀ ਓ
ਸਮਾਣਾ ਤਿੰਨ ਦੇ ਬੀ ਪੀ ਈ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਅਸੁਰੱਖਿਅਤ ਐਲਾਨਣ ਮਗਰੋਂ ਸੁਰੱਖਿਆ ਲਈ ਵਿਦਿਆਰਥੀਆਂ ਦੀ ਪੜ੍ਹਾਈ ਦਾ ਪ੍ਰਬੰਧ ਨੇੜਲੇ ਮੰਦਿਰ ’ਚ ਕਰਨ ਲਈ ਮਜਬੂਰ ਹੋਣਾ ਪਿਆ ਪਰ ਹੁਣ ਠੰਢ ਵਧਣ ਕਾਰਨ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਮੁੱਖ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਘੱਗਾ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਸਟਾਫ਼ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਸਕੂਲ ਦੇ ਨਵੇਂ ਕਮਰੇ ਉਸਾਰਨ ਲਈ ਪੰਜਾਬ ਸਰਕਾਰ ਤੋਂ ਲੋੜੀਂਦੀ ਗ੍ਰਾਂਟ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਘਰਾਂ ਨੇੜੇ ਸਿੱਖਿਆ ਮਿਲ ਸਕੇ। ਬੀ ਡੀ ਪੀ ਓ ਨੇ ਦੱਸਿਆ ਕਿ ਵਿਭਾਗ ਨੇ ਬਕਾਇਦਾ ਸਕੂਲ ਦਾ ਕੇਸ ਤਿਆਰ ਕਰਕੇ ਮੁੱਖ ਦਫ਼ਤਰ ਸਿੱਖਿਆ ਵਿਭਾਗ ਪੰਜਾਬ ਨੂੰ ਭੇਜਿਆ ਹੋਇਆ ਹੈ।

