ਚੌਥਾ ਦਰਜਾ ਕਾਮਿਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਯੂਨੀਅਨ ਦਫ਼ਤਰ ਵਿੱਚ ਹੋਈ। ਮੀਟਿੰਗ ਤੋਂ ਬਾਅਦ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਗੁਰਦਰਸ਼ਨ ਸਿੰਘ ਖ਼ੁਰਦ ਨੇ ਕੀਤੀ। ਮੀਟਿੰਗ ਵਿੱਚ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਚੌਥਾ ਦਰਜਾ ਕਰਮਚਾਰੀਆਂ ਦੀਆਂ ਵੱਡੇ ਪੱਧਰ ’ਤੇ ਦੂਰ-ਦੁਰਾਡੇ ਕੀਤੀਆਂ ਬਦਲੀਆਂ ਦਾ ਗੰਭੀਰ ਨੋਟਿਸ ਲਿਆ ਗਿਆ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਜਲ ਸਰੋਤ ਮੰਤਰੀ ਪੰਜਾਬ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ 7 ਅਗਸਤ ਨੂੰ ਰੈਲੀ ਕੀਤੀ ਜਾਵੇਗੀ ਅਤੇ ਬਦਲੀਆਂ ਰੱਦ ਕਰਵਾਉਣ, ਮੰਗਾਂ ਦਾ ਨਿਬੇੜਾ ਕਰਵਾਉਣ ਲਈ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਅਤੇ ਯਾਦ ਪੱਤਰ ਮੁੜ ਭਿਜਵਾਉਣ ਦਾ ਫ਼ੈਸਲਾ ਕੀਤਾ।
ਮੀਟਿੰਗ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਨਾਰੰਗ ਸਿੰਘ, ਬਲਬੀਰ ਸਿੰਘ, ਸੂਰਜ ਪਾਲ ਯਾਦਵ, ਸ਼ਿਵ ਚਰਨ, ਹਾਕਮ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ ਸਕਰਾਲੀ, ਕੁਲਦੀਪ ਸਿੰਘ ਰਾਈਏਵਾਲ, ਬਲਜੀਤ ਵਾਲੀਆ, ਮੇਜਰ ਸਿੰਘ, ਹਰਭਾਨ ਸਿੰਘ, ਸਤਿਨਰਾਇਣ ਗੋਨੀ, ਇੰਦਰਪਾਲ ਵਾਲੀਆ, ਬੀਰ ਸਿੰਘ, ਮੰਗਤ ਰਾਮ ਹਾਜ਼ਰ ਸਨ। ਇਸ ਮੌਕੇ ਲਹਿਰਾਗਾਗਾ ਰੈਲੀ ਲਈ ਤਿਆਰੀ ਲਈ 14 ਮੈਂਬਰੀ ਕਮੇਟੀ ਬਣਾਈ ਗਈ। ਇਹ ਵੀ ਫ਼ੈਸਲਾ ਕੀਤਾ ਗਿਆ ਕਿ 21 ਜੁਲਾਈ ਨੂੰ ਸਵੇਰੇ 11 ਵਜੇ ਭਾਖੜਾ ਮੇਨ ਲਾਈਨ ਸਰਕਲ ਵਿਖੇ ਗੇਟ ਰੈਲੀ ਕਰਕੇ ਜੰਗਲਾਤ ਦਫ਼ਤਰ ਤੱਕ ਰੋਸ ਮਾਰਚ ਕੀਤਾ ਜਾਵੇਗਾ। ਇਸ ਲਈ ਪਟਿਆਲਾ ਦੇ ਸਾਰੇ ਆਗੂਆਂ ਨੂੰ ਕਿਹਾ ਗਿਆ ਕਿ ਆਪੋ-ਆਪਣੇ ਸਾਥੀਆਂ ਨੂੰ ਲੈ ਕੇ ਗੇਟ ਰੈਲੀ ਵਿੱਚ ਸ਼ਾਮਲ ਹੋਣ।