ਸਕੂਲ ਸਮੇਂ ਚੱਲਣ ਵਾਲੇ ਚਾਰ ਟਿੱਪਰਾਂ ਦੇ ਚਲਾਨ ਕੱਟੇ
ਪੱਤਰ ਪ੍ਰੇਰਕ
ਦੇਵੀਗੜ੍ਹ, 3 ਜੁਲਾਈ
ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐੱਸਪੀ ਟਰੈਫਿਕ ਅੱਛਰੂ ਰਾਮ ਦੀ ਨਿਗਰਾਨੀ ਹੇਠ ਟਰੈਫਿਕ ਇੰਚਾਰਜ ਸਰਕਲ ਦੇਵੀਗੜ੍ਹ ਤਰਸੇਮ ਕੁਮਾਰ ਨੇ ਪੁਲੀਸ ਟੀਮ ਨਾਲ ਅੱਜ ਸੇਫ ਸਕੂਲ ਵਾਹਨ ਤਹਿਤ ਵਾਹਨਾਂ ’ਤੇ ਸਖਤੀ ਕਰਦਿਆਂ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸਕੂਲ ਸਮੇਂ ਚੱਲਣ ਵਾਲੇ ਚਾਰ ਟਿੱਪਰਾਂ ਦੇ ਚਲਾਨ ਕੱਟੇ। ਇਸ ਤੋਂ ਇਲਾਵਾ ਇੱਕ ਇਨੋਵਾ ਗੱਡੀ ਜਿਸ ਤੇ ਕਾਲੀ ਫਿਲਮ ਅਤੇ ਨਾਜਾਇਜ਼ ਲਾਲ, ਨੀਲੀ ਬੱਤੀ ਲਗਾਈ ਹੋਈ ਸੀ, ਦਾ ਵੀ ਚਲਾਣ ਕੱਟਿਆ।
ਟਰੈਫਿਕ ਇੰਚਾਰਜ ਸਰਕਲ ਦੇਵੀਗੜ੍ਹ ਤਰਸੇਮ ਕੁਮਾਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਟਾਕੇ ਮਾਰਨ ਵਾਲੇ ਕਈ ਮੋਟਰਸਾਈਕਲਾਂ ਅਤੇ ਗਲਤ ਪਾਸੇ ਖੜੀਆਂ ਗੱਡੀਆਂ, ਜੋ ਕਿ ਆਵਾਜਾਈ ਵਿਚ ਵਿਘਨ ਪਾ ਰਹੀਆਂ ਹਨ, ਉਨ੍ਹਾਂ ਖ਼ਿਲਾਫ਼ ਵੀ ਸਖਤੀ ਕਰਦਿਆਂ ਉਨ੍ਹਾਂ ਦੇ ਡਰਾਈਵਰਾਂ ਅਤੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਵਾਹਨ ਸੜਕ ਉੱਤੇ ਖੜਾ ਵੇਖਿਆ ਗਿਆ ਉਸ ਦਾ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੁਕਾਨਾਂ ਅੱਗੇ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਉਹ ਜਲਦੀ ਆਪਣਾ ਸਮਾਨ ਪਿੱਛੇ ਕਰ ਲੈਣ ਨਹੀਂ ਤਾਂ ਉਨ੍ਹਾਂ ਦੇ ਵੀ ਚਲਾਨ ਕੱਟੇ ਜਾਣਗੇ। ਇਸ ਮੌਕੇ ਇਕਬਾਲ ਸਿੰਘ ਟਰੈਫਿਕ ਕਰਮਚਾਰੀ ਹਾਜ਼ਰ ਸਨ।