ਸੂਬੇ ਅੰਦਰ ਮਿਆਰੀ ਸੜਕਾਂ ਦਾ ਨਿਰਮਾਣ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਇਮ ‘ਸੀ.ਐੱਮ. ਫਲਾਇੰਗ ਸਕੁਐਡ’ ਵੱਲੋਂ ਅਧਿਕਾਰਤ ਤੌਰ ’ਤੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦਾ ਆਗਾਜ਼ ਅੱਜ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਸੂਬਾਈ ਦਫ਼ਤਰ ਪਟਿਆਲਾ ਨਾਲ ਸਬੰਧਤ ਖੇਤਰ ਤੋਂ ਹੀ ਕੀਤਾ ਗਿਆ, ਜਿਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹਲਕੇ (ਪਟਿਆਲਾ ਦਿਹਾਤੀ) ਅਧੀਨ ਪੈਂਦੀ ਹਿਆਣਾ ਖੁਰਦ ਤੋਂ ਮੰਡੌਰ-ਅਜਨੌਦਾ ਵਾਲੀ ਢਾਈ ਕਿਲੋਮੀਟਰ ਸੜਕ ਦੇ ਸੈਂਪਲ ਲੈ ਕੇ ਕੀਤੀ ਗਈ ਹੈ ਤਾਂ ਜੋ ਇਸ ਦੀ ਗੁਣਵੱਤਾ ਜਾਂਚੀ ਜਾ ਸਕੇ।
ਇਸ ਉਡਣ ਦਸਤੇ ਵੱਲੋਂ 15 ਜ਼ਿਲ੍ਹਿਆਂ ਦੀਆਂ ਸੜਕਾਂ ਚੈੱਕ ਕੀਤੀਆਂ ਜਾਣੀਆ ਹਨ ਜਿਸ ’ਚ ਸ਼ਾਮਲ ‘ਲੋਕ ਨਿਰਮਾਣ ਵਿਭਾਗ’ ਦੇ ਉਸਾਰੀ ਸਰਕਲ ਪਟਿਆਲਾ ਦੇ ਨਿਗਰਾਨ ਇੰਜਨੀਅਰ ਮਨਪ੍ਰੀਤ ਸਿੰਘ ਦੂਆ ਨੇ ਸੰਪਰਕ ਕਰਨ ’ਤੇ ਇਸ ਸੜਕ ਦੇ ਤਿੰਨ ਸੈਂਪਲ ਲਏ ਹੋਣ ਦੀ ਪੁਸ਼ਟੀ ਕੀਤੀ ਹੈ, ਜੋ ਗੁਣਵੱਤਾ ਦੀ ਅਗਲੇਰੀ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ। ਸੈਂਪਲ ਲੈਣ ਦੀ ਇਹ ਕਾਰਵਾਈ ‘ਆਪ’ ਵਾਲੰਟੀਅਰਾਂ ਦੀ ਇੱਕ ਟੀਮ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ ਅਮਲ ’ਚ ਲਿਆਂਦੀ ਗਈ ਦੱਸੀ ਜਾ ਰਹੀ ਹੈ।
ਗੜਬੜੀ ’ਤੇ ਠੇਕੇਦਾਰ ਤੇ ਅਧਿਕਾਰੀਆਂ ’ਤੇ ਹੋਵੇਗੀ ਕਾਰਵਾਈ: ਸਿਹਤ ਮੰਤਰੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਗੜਬੜੀ ਮਿਲਣ ਦੀ ਸੂਰਤ ’ਚ ਨਾ ਸਿਰਫ਼ ਸਬੰਧਤ ਠੇਕੇਦਾਰ ਬਲਕਿ ਅਧਿਕਾਰੀਆਂ ਖ਼ਿਲਾਫ਼ ਵੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਭਰ ਅੰਦਰ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਇਹ ਪਹਿਲੀ ਵਾਰ ਯਕੀਨੀ ਬਣਾਇਆ ਗਿਆ ਹੈ ਕਿ ਸੜਕਾਂ ਬਣਾਉਣ ਵਾਲੀ ਏਜੰਸੀ ਨੂੰ 5 ਸਾਲਾਂ ਲਈ ਉਸ ਸੜਕ ਦੀ ਮੁਰੰਮਤ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੋਵੇ। ਉਨ੍ਹਾਂ ਕਿਹਾ ਕਿ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਕਿ ਹੁਣ ਸੜਕਾਂ ਸਮੇਤ ਕਿਸੇ ਵੀ ਵਿਕਾਸ ਕਾਰਜ ਵਿੱਚ ਕੋਈ ਵੀ ਘਟੀਆ ਮਿਆਰ ਦਾ ਮੈਟੀਰੀਅਲ ਵਰਤਣ ਦੀ ਕੋਈ ਗੁੰਜਾਇਸ਼ ਨਾ ਰਹੇ।

