ਹੜ੍ਹ ਦਾ ਖ਼ਤਰਾ: ਘੱਗਰ ਤੇ ਟਾਂਗਰੀ ’ਚ ਪਾਣੀ ਵਧਿਆ
ਪਹਾੜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਘੱਗਰ ਦਰਿਆ ਤੇ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ। ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਨੌਰ ਖੇਤਰ ਵਿੱਚ ਸਰਾਲਾ ਕਲਾਂ ਨੇੜੇ ਘੱਗਰ ਵਿੱਚ ਖਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ, ਇੱਥੇ ਹੁਣ 11.77 ਫੁੱਟ ’ਤੇ 13471.67 ਕਿਊਸਿਕ ਪਾਣੀ ਵਹਿ ਰਿਹਾ ਹੈ। ਇਸੇ ਤਰ੍ਹਾਂ ਪਟਿਆਲਾ-ਪਿਹੋਵਾ ਰੋਡ ’ਤੇ ਟਾਂਗਰੀ ਨਦੀ ਵਿੱਚ ਖਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ ਪਰ ਇੱਥੇ 12.5 ਫੁੱਟ ’ਤੇ 34073 ਕਿਊਸਿਕ ਪਾਣੀ ਵੱਗ ਰਿਹਾ ਹੈ ਜਿਸ ਨੂੰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਕਿਹਾ ਜਾ ਸਕਦਾ ਹੈ। ਪਟਿਆਲਾ-ਪਿਹੋਵਾ ਰੋਡ ’ਤੇ ਘੱਗਰ ਦਰਿਆ ਵਿੱਚ ਖਤਰੇ ਦਾ ਨਿਸ਼ਾਨ 22 ਫੁੱਟ ’ਤੇ ਪਰ ਇੱਥੇ 20.4 ਫੁੱਟ ’ਤੇ 34860 ਕਿਊਸਿਕ ਪਾਣੀ ਵੱਗ ਰਿਹਾ ਹੈ। ਕਾਬਿਲੇਗੌਰ ਹੈ ਜੇਕਰ ਪਿੱਛੇ ਤੋਂ ਘੱਗਰ ਵਿੱਚ ਹੋਰ ਪਾਣੀ ਛੱਡਿਆ ਜਾਂਦਾ ਹੈ ਤਾਂ ਹੁਣ ਪਿੰਡ ਜਲਾਖੇੜੀ, ਮੇਂਗੜਾਂ, ਉਲਟਪੁਰ, ਮਹਿਮੂਦਪੁਰ, ਬਾਊਪੁਰ, ਧਰਮੇੜੀ, ਟਟਿਆਣਾ ਤੇ ਖੰਬਾਹੇੜਾ ਆਦਿ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਸਕਦੇ ਹਨ ਕਿਉਂਕਿ ਹਾਂਸੀ ਬੁਟਾਣਾ ਨਹਿਰ ਦੇ ਹੇਠਾਂ ਨੂੰ ਘੱਗਰ ਕੱਢਿਆ ਗਿਆ ਹੈ ਜਿਸ ਕਰਕੇ ਉੱਥੇ ਇਸ ਨਹਿਰ ਦੇ ਹੇਠਾਂ ਪਾਣੀ ਦੀ ਡਾਫ ਲੱਗ ਜਾਂਦੀ ਹੈ ਤੇ ਪਾਣੀ ਰੁਕ ਕੇ ਕਈ ਸਾਰੇ ਪਿੰਡਾਂ ਨੂੰ ਤਬਾਹ ਕਰਦਾ ਹੈ। ਇਸ ਤੋਂ ਅੱਗੇ ਖਨੌਰੀ ਇਲਾਕੇ ਵਿੱਚ ਵੀ ਪਾਣੀ ਵਧ ਰਿਹਾ ਹੈ। ਖਨੌਰੀ ਸਾਈਫ਼ਨ ਵਿਚ 12240 ਕਿਊਸਿਕ ਪਾਣੀ ਲੰਘਣ ਦੀ ਸਮਰੱਥਾ ਹੈ। ਇੱਥੋਂ ਹੁਣ 6200 ਕਿਊਸਿਕ ਪਾਣੀ ਲੰਘ ਰਿਹਾ ਹੈ ਪਰ ਆਉਂਦੇ ਦਿਨਾਂ ਵਿਚ ਇੱਥੇ ਪਾਣੀ ਕਾਫ਼ੀ ਵੱਧ ਸਕਦਾ ਹੈ ਜਿਸ ਕਰਕੇ ਇਸ ਇਲਾਕੇ ਦੇ ਚੌਗਿਰਦੇ ਵਿਚ ਹੜ੍ਹ ਆਉਣ ਦੀ ਪੱਕੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ਸਾਰੀ ਸਥਿਤੀ ਕੰਟਰੋਲ ਵਿਚ ਹੈ। ਦੂਜੇ ਪਾਸੇ ਪਟਿਆਲਾ ਵਿੱਚ ਕਿਤੇ ਕਿਤੇ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਹੁੰਮਸ ਬਰਕਰਾਰ ਹੈ। ਤਾਪਮਾਨ 32 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਹਵਾ ਵਿੱਚ ਨਮੀ ਵੀ 80 ਫ਼ੀਸਦੀ ਤੋਂ ਵੱਧ ਹੀ ਰਿਕਾਰਡ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਇਸ ਮੀਂਹ ਨਾਲ ਗੰਨੇ, ਚਾਰਾ ਤੇ ਪਛੇਤੇ ਬੀਜੇ ਝੋਨੇ ਨੂੰ ਕਾਫ਼ੀ ਲਾਭ ਹੋਵੇਗਾ।
ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਰਾਜਪੁਰਾ ਸਬ ਡਿਵੀਜ਼ਨ ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਅਵਿਕੇਸ਼ ਗੁਪਤਾ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਪਿੰਡ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ। ਕਿਸੇ ਵੀ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ’ਤੇ ਸੰਪਰਕ ਕੀਤਾ ਜਾ ਸਕਦਾ ਹੈ।