ਮੋਮੀਆਂ ਡਰੇਨ ਦਾ ਗੇਟ ਬੰਦ ਹੋਣ ਕਾਰਨ ਹੜ੍ਹ ਦਾ ਖ਼ਤਰਾ
ਭਰਵੇਂ ਮੀਂਹ ਕਾਰਨ ਬਾਦਸ਼ਾਹਪੁਰ ਤੋਂ ਰਸੌਲੀ ਘੱਗਰ ਵਿੱਚ ਪੈਂਦੀ ਮੋਮੀਆਂ ਡਰੇਨ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਕਿਉਂਕਿ ਡਰੇਨ ਦਾ ਇਕ ਗੇਟ ਬੰਦ ਹੋਣ ਕਾਰਨ ਡਰੇਨ ਉਛਲਣ ਦਾ ਖ਼ਤਰਾ ਹੈ। ਹਰਦੀਪ ਸਿੰਘ, ਸਤਪਾਲ, ਸੰਤੋਖ ਸਿੰਘ, ਜਗਸੀਰ ਸਿੰਘ ਧਾਲੀਵਾਲ ਤੇ ਅਜੈਬ ਸਿੰਘ ਨੇ ਦੱਸਿਆ ਕਿ ਸਾਲ ਪਹਿਲਾਂ ਲੱਖਾਂ ਰੁਪਏ ਖ਼ਰਚ ਕੇ ਡਰੇਨ ’ਤੇ ਇਕ ਹੋਰ ਗੇਟ ਲਾਇਆ ਸੀ। ਹੁਣ ਪੁਰਾਣਾ ਗੇਟ ਦੀ ਵਿਭਾਗ ਨੇ ਸਮਾਂ ਰਹਿੰਦੇ ਮੁਰੰਮਤ ਨਹੀਂ ਕਰਵਾਈ। ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਡਰੇਨ ਭਰਕੇ ਚੱਲ ਰਹੀ ਹੈ। ਜੇਕਰ ਗੇਟ ਨਾ ਖੁੱਲ੍ਹਿਆ ਤਾਂ ਘੱਗਰ ਭਰਦਿਆਂ ਡਰੇਨ ਉਛਲਣ ਕੇ ਸ਼ੁਤਰਾਣਾ, ਰਸੌਲੀ, ਨਵਾਂ ਗਾਉ, ਨਾਈਵਾਲਾ, ਗੁਲਾੜ, ਹੋਤੀਪੁਰ, ਖਾਨੇਵਾਲ ਪਿੰਡਾਂ ਦੀਆਂ ਫ਼ਸਲਾਂ ਬਰਬਾਦ ਕਰ ਸਕਦੀ ਹੈ। ਇਸ ਦੌਰਾਨ ਐੱਸਡੀਐੱਮ ਪਾਤੜਾਂ ਨੇ ਮੌਕੇ ਦਾ ਜਾਇਜ਼ਾ ਲਿਆ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਡਰਨ ਦੀ ਲੋੜ ਨਹੀਂ ਸਰਕਾਰ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ।
ਘੱਗਰ ਵਿੱਚ ਪੈਂਦੀਆਂ ਨਦੀਆਂ ’ਚ ਪਾਣੀ ਘੱਟ ਹੋਣ ਕਰਕੇ ਕੋਈ ਖ਼ਤਰਾ ਨਹੀਂ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਕਿਹਾ ਹੈ ਡਰੇਨੇਜ ਅਧਿਕਾਰੀਆਂ ਨੂੰ ਗੇਟ ਠੀਕ ਕਰਵਾਉਣ ਦੀ ਹਦਾਇਤ ਕੀਤੀ ਹੈ। ਡਰੇਨ ਮਹਿਕਮੇ ਦੇ ਐੱਸਡੀਓ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਗੇਟ ਠੀਕ ਕਰਨ ਲਈ ਮਿਸਤਰੀ ਭੇਜ ਦਿੱਤਾ ਹੈ, ਸ਼ਾਮ ਤੱਕ ਗੇਟ ਚਾਲੂ ਕਰਕੇ ਬੂਟੀ ਕੱਢੀ ਜਾਵੇਗੀ। ਇਸ ਮੌਕੇ ਸੁਖਪਾਲ ਸਿੰਘ, ਨਿਰਮਲ ਸਿੰਘ, ਜਸਮਤ ਰਾਮ, ਨਛੱਤਰ ਸਿੰਘ, ਬਿੱਲੂ ਰਾਮ, ਅਬਲ ਰਾਮ, ਬਿੱਕਰ ਸਿੰਘ, ਬਿਕਰਮ ਸਿੰਘ, ਕੁਲਬੀਰ ਸਿੰਘ, ਦਰਸ਼ਨ ਸਿੰਘ, ਨਾਜ਼ਰ ਸਿੰਘ, ਗੁਰਚਰਨ ਸਿੰਘ, ਤਰਲੋਕ ਸਿੰਘ, ਨਿਰਭੈ ਸਿੰਘ ਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ।