ਨੇੜਲੇ ਪਿੰਡ ਲੱਖੇਵਾਲ ਵਿਖੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਦੇ ਡੰਪ ਵਿੱਚ ਲੰਘੀ ਅੱਧੀ ਰਾਤ ਨੂੰ ਅਚਾਨਕ ਅੱਗ ਲੱਗਣ ਕਾਰਨ 35 ਤੋਂ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਜਾਣਕਾਰੀ ਦਿੰਦਿਆਂ ਡੰਪ ਦੇ ਮਾਲਕ ਰਣਜੀਤ ਸਿੰਘ ਵਾਸੀ ਪਿੰਡ ਬੌੜਾਂ ਨੇ ਦੱਸਿਆ ਕਿ ਪਿੰਡ ਲੱਖੇਵਾਲ ਵਿਖੇ ਸਥਿਤ ਉਨ੍ਹਾਂ ਦੇ ਪਰਾਲੀ ਦੀਆਂ ਗੱਠਾਂ ਦੇ ਡੰਪ ਵਿੱਚ ਬੀਤੀ ਅੱਧੀ ਰਾਤ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਇਥੇ ਸੁੱਤੇ ਪਏ ਲੇਬਰ ਵਾਲੇ ਵਿਅਕਤੀਆਂ ਨੇ ਉਨ੍ਹਾਂ ਨੂੰ ਫੋਨ ਰਾਹੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉਹ ਤੁਰੰਤ ਆਪਣੇ ਸਾਥੀਆਂ ਸਮੇਤ ਡੰਪ ’ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਵਿੱਚ ਜੁਟ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ, ਪੁਲੀਸ ਅਤੇ ਪ੍ਰਸ਼ਾਸਨ ਨੂੰ ਦੇਣ ਉਪਰੰਤ ਰਾਤ ਦੇ ਕਰੀਬ 12:30 ਵਜੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੀਆਂ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਇਸ ਅੱਗ ਉਪਰ ਕਾਬੂ ਪਾਉਣ ਦਾ ਯਤਨ ਕੀਤਾ ਗਿਆ। ਪਰ ਅੱਗ ਜਿਆਦਾ ਭਿਆਨਕ ਹੋਣ ਕਾਰਨ ਸਾਰੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦੀਆਂ ਗੱਠਾਂ ਦਾ ਡੰਪ ਬਣਾਇਆ ਸੀ ਅਤੇ ਇਸ ਡੰਪ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ 300 ਏਕੜ ਝੋਨੇ ਦੀ ਪਰਾਲੀ ਦੀਆਂ ਗੱਠਾਂ ਤਿਆਰ ਕਰਕੇ ਇਕੱਠੀਆਂ ਕੀਤੀਆਂ ਗਈਆਂ ਸਨ। ਜੋ ਕਿ ਸੜ ਕੇ ਸੁਆਹ ਹੋ ਗਈਆਂ।
ਉਨ੍ਹਾਂ ਰੋਸ ਜਾਹਰ ਕੀਤਾ ਕਿ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਵੀ ਪੁਲੀਸ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪੂਰੀ ਰਾਤ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ। ਉਨ੍ਹਾਂ ਸਰਕਾਰ ਪਾਸੋਂ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ।

