ਕਿਸਾਨਾਂ ਨੇ ਮਜ਼ਦੂਰ ਦੇ ਘਰ ’ਤੇ ਕਬਜ਼ਾ ਕਾਰਵਾਈ ਰੋਕੀ
ਪਿੰਡ ਸਲੇਮਗੜ੍ਹ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਵੱਲੋਂ ਸਾਂਝੇ ਤੌਰ ’ਤੇ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਰੋਕਿਆ ਗਿਆ। ਮੂਨਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਤੇ ਮਜ਼ਦੂਰ ਆਗੂ ਨਿਰਭੈ ਸਿੰਘ ਪਾਪੜਾ ਨੇ ਦੱਸਿਆ ਕਿ ਪਿੰਡ ਸਲੇਮਗੜ੍ਹ ਵਿੱਚ ਇੱਕ ਮਜ਼ਦੂਰ ਪਰਿਵਾਰ ਨੇ 2018 ਦੇ ਵਿੱਚ ਬੈਂਕ ਤੋਂ 8 ਲੱਖ 60 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਪਰਿਵਾਰ ਇਸ ਕਰਜ਼ੇ ਦੀਆਂ ਹੁਣ ਤੱਕ 72 ਕਿਸ਼ਤਾਂ 11 ਹਜ਼ਾਰ 32 ਰੁਪਏ ਕਿਸ਼ਤ ਦੇ ਹਿਸਾਬ ਨਾਲ 8 ਲੱਖ ਰੁਪਏ ਦੇ ਲਗਭਗ ਭਰ ਚੁੱਕਾ ਹੈ ਪਰ ਬੈਂਕ ਵਾਲਿਆਂ ਨੇ ਵਿਆਜ ਲਾ ਕੇ 17 ਲੱਖ ਦੇ ਕਰੀਬ ਬਕਾਇਆ ਕੱਢ ਰੱਖਿਆ ਹੈ। ਅੱਜ ਬੈਂਕ ਵੱਲੋਂ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਕੀਤਾ ਜਾਣਾ ਪਰ ਕਿਸਾਨ ਮਜ਼ਦੂਰ ਏਕਤਾ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਕਰਜ਼ਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਚੜ੍ਹਿਆ ਹੈ ਕਿਉਂਕਿ ਸਰਕਾਰਾਂ ਖੇਤੀ ’ਚ ਮਸ਼ੀਨਰੀ ਆਉਣ ਕਰਕੇ ਖੇਤੀ ’ਚੋਂ ਬਾਹਰ ਧੱਕ ਦਿੱਤੇ ਗਏ ਖੇਤ ਮਜ਼ਦੂਰਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਤੇ ਖੇਤ ਮਜ਼ਦੂਰ ਬੇਰੁਜ਼ਗਾਰੀ ਦੀ ਚੱਕੀ ’ਚ ਪਿਸਣ ਲਈ ਮਜਬੂਰ ਹਨ। ਅੱਜ ਦੇ ਪ੍ਰੋਗਰਾਮ ’ਚ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬਲਾਕ ਆਗੂ ਬੰਟੀ ਢੀਂਡਸਾ, ਬੀਕੇਯੂ ਏਕਤਾ ਆਜ਼ਾਦ ਵੱਲੋਂ ਮੱਖਣ ਪਾਪੜਾ ਬੱਬੂ ਮੂਨਕ, ਕਿਰਤੀ ਕਿਸਾਨ ਯੂਨੀਅਨ ਵੱਲੋਂ ਗੁਰਵਿੰਦਰ ਦੇਧਨਾ, ਕਰਮਜੀਤ ਪਾਤੜਾਂ, ਦਿਲਜਿੰਦਰ ਹਰਿਆਊ, ਸੁਖਚੈਨ ਹਰਿਆਊ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਆਗੂ ਲੀਲਾ ਸਿੰਘ ਢੀਂਡਸਾ ਅਤੇ ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਤੇ ਜਗਸੀਰ ਸਿੰਘ ਸਲੇਮਗੜ੍ਹ ਹਾਜ਼ਰ ਸਨ।
ਕਿਸਾਨਾਂ ਨੇ ਜ਼ਮੀਨ ਦੀ ਕੁਰਕੀ ਰੁਕਵਾਈ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਪਿੰਡ ਗੁਰਨੇ ਖੁਰਦ ਵਿੱਚ ਕਿਸਾਨ ਹਰਬੰਸ ਸਿੰਘ ਦੀ ਜ਼ਮੀਨ ਦੀ ਬੈਂਕ ਵੱਲੋਂ ਕੀਤੀ ਜਾਣ ਵਾਲੀ ਕੁਰਕੀ ਦੀ ਕਾਰਵਾਈ ਰੋਕੀ ਗਈ। ਸਟੇਟ ਬੈਂਕ ਆਫ ਇੰਡੀਆ ਲਹਿਰਾਗਾਗਾ ਵੱਲੋਂ ਲਿਮਟ ਦੇ ਪੈਸੇ ਨਾ ਮੋੜਨ ਕਾਰਨ ਕਿਸਾਨ ਦੀ ਜ਼ਮੀਨ ਕੁਰਕ ਕੀਤੀ ਜਾ ਰਹੀ ਸੀ। ਬੈਂਕ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਬਲਾਕ ਆਗੂ ਪ੍ਰੀਤਮ ਸਿੰਘ ਲਹਿਲ ਕਲਾਂ ਦੀ ਅਗਵਾਈ ਹੇਠ ਜਥੇਬੰਦੀ ਨੇ ਮਾਮਲੇ ਵਿੱਚ ਦਖਲ ਦਿੱਤਾ। ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ 10 ਸਾਲ ਪਹਿਲਾਂ ਬੈਂਕ ਤੋਂ ਲੋਨ ਲਿਆ ਸੀ ਪਰ ਆਰਥਿਕ ਤੰਗੀ ਕਾਰਨ ਉਹ ਇਸ ਨੂੰ ਚੁਕਾ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਨੇ ਪਹਿਲਾਂ ਉਸ ਨਾਲ ਮੁਆਫੀ ਦੀ ਗੱਲ ਕੀਤੀ ਪਰ ਬਾਅਦ ਵਿੱਚ 4 ਲੱਖ ਰੁਪਏ ਲੈਣ ਲਈ ਅੜ ਗਏ। ਕਿਸਾਨ ਹਰਬੰਸ ਸਿੰਘ ਨੇ ਕਿਹਾ ਕਿ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪੈਸੇ ਭਰਨ ਲਈ ਉਹ ਤਿਆਰ ਸਨ ਪਰ ਬੈਂਕ ਨਾਲ ਗੱਲਬਾਤ ਸਿਰੇ ਨਹੀਂ ਲੱਗੀ। ਧਰਨੇ ਵਿੱਚ ਰਾਮ ਚੰਦ ਸਿੰਘ ਚੋਟੀਆਂ, ਗੁਰਪ੍ਰੀਤ ਸਿੰਘ ਸੰਗਤਪੁਰਾ, ਸਵਰਾਜ ਸਿੰਘ ਗੁਰਨੇ, ਜੰਟਾ ਸਿੰਘ ਸੰਗਤਪੁਰਾ ਸਮੇਤ ਪਿੰਡ ਇਕਾਈ ਦੇ ਕਈ ਅਹੁਦੇਦਾਰ ਹਾਜ਼ਰ ਸਨ।