ਮਸਲੇ ਹੱਲ ਨਾ ਹੋਣ ’ਤੇ ਕਿਸਾਨਾਂ ਵਿਚ ਰੋਸ
ਪਰਾਲੀ ਦੇ ਨਿਪਟਾਰੇ, ਬੌਣੇ ਰੋਗ ਤੇ ਡੀਏਪੀ ਖਾਦ ਦੀ ਕਮੀ ਨੂੰ ਲੈ ਕੇ ਮੰਗ ਪੱਤਰ ਸੌਂਪਿਆ
Farmers Demand ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪਾਤੜਾਂ ਦੀ ਲੀਡਰਸ਼ਿਪ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਐਸਡੀਐੱਮ ਪਾਤੜਾਂ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਮੁੱਖ ਤੌਰ 'ਤੇ ਪਰਾਲੀ ਦੇ ਨਿਪਟਾਰੇ, ਝੋਨੇ ਦੇ ਬੌਣੇ ਰੋਗ ਅਤੇ ਡੀਏਪੀ ਖਾਦ ਦੀ ਕਮੀ ਦੇ ਮਸਲੇ ਉਠਾਏ ਗਏ। ਜਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਤੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਖਾਂਗ ਨੇ ਦੱਸਿਆ ਕਿ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਬਲਾਕ ਦੇ ਪਿੰਡਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਲੋੜੀਂਦੇ ਬੇਲਰ ਜਾਂ ਹੋਰ ਮਸ਼ੀਨਰੀ ਮੁਹੱਈਆ ਨਹੀਂ ਕਰਵਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਮਸ਼ੀਨਰੀ ਨਹੀਂ ਮਿਲ ਰਹੀ, ਦੂਜੇ ਪਾਸੇ ਮਜਬੂਰਨ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਪਰ ਕਾਰਵਾਈ ਕਰਨ ਦੇ ਹੁਕਮ ਸੁਣਾਏ ਜਾ ਰਹੇ ਹਨ, ਜੋ ਕਿਸਾਨ ਵਿਰੋਧੀ ਹਨ। ਯੂਨੀਅਨ ਨੇ ਪਿੰਡਾਂ ਵਿੱਚ ਤੁਰੰਤ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਕਿਸਾਨ ਸਹੀ ਢੰਗ ਨਾਲ ਪਰਾਲੀ ਦਾ ਨਿਪਟਾਰਾ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਾਲ ਝੋਨੇ ਦੀ ਫ਼ਸਲ ਵਿੱਚ ਬੌਣੇ ਰੋਗ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਖ਼ਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਇਹ ਸਥਿਤੀ ਹੋਰ ਵੀ ਗੰਭੀਰ ਹੈ ਜਿਨ੍ਹਾਂ ਨੇ ਮਹਿੰਗੇ ਠੇਕੇ 'ਤੇ ਜ਼ਮੀਨਾਂ ਲੈ ਕੇ ਫ਼ਸਲ ਬੀਜੀ ਸੀ। ਰੋਗ ਤੋਂ ਪ੍ਰਭਾਵਿਤ ਫ਼ਸਲ ਵਿੱਚ ਦਾਣਾ ਨਹੀਂ ਬਣ ਰਿਹਾ, ਜਿਸ ਕਾਰਨ ਫ਼ਸਲ ਦਾ ਝਾੜ ਲਗਪਗ ਜ਼ੀਰੋ ਹੋ ਗਿਆ ਹੈ। ਕੁੱਝ ਕਿਸਾਨਾਂ ਨੂੰ ਤਾਂ ਮਜਬੂਰੀ ਵੱਸ ਖੜ੍ਹੀ ਫ਼ਸਲ ਨੂੰ ਵਾਹੁਣਾ ਵੀ ਪਿਆ, ਪਰ ਸਮਾਂ ਲੰਘ ਜਾਣ ਕਾਰਨ ਉਹ ਦੁਬਾਰਾ ਬਿਜਾਈ ਨਹੀਂ ਕਰ ਸਕੇ। ਜਥੇਬੰਦੀ ਨੇ ਇਸ ਗੰਭੀਰ ਵਿੱਤੀ ਸੰਕਟ ਨੂੰ ਦੇਖਦੇ ਹੋਏ ਮੰਗ ਕੀਤੀ ਕਿ ਸਰਕਾਰ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ, ਨੁਕਸਾਨੇ ਗਏ ਕਿਸਾਨਾਂ ਨੂੰ ਯੋਗ ਅਤੇ ਤੁਰੰਤ ਮੁਆਵਜ਼ਾ ਦੇਵੇ ਤਾਂ ਜੋ ਉਨ੍ਹਾਂ ਨੂੰ ਸੰਕਟ ਵਿੱਚੋਂ ਕੱਢਿਆ ਜਾ ਸਕੇ। ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਊ ਤੇ ਜ਼ਿਲ੍ਹਾ ਆਗੂ ਰਘਵੀਰ ਸਿੰਘ ਨਿਆਲ ਨੇ ਕਿਹਾ ਕਿ ਹਾੜੀ ਦੀਆਂ ਫ਼ਸਲਾਂ ਲਈ ਡੀਏਪੀ ਖਾਦ ਦੀ ਬਹੁਤ ਕਮੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਖਾਦ ਦੀ ਬਹੁਤ ਜ਼ਰੂਰਤ ਹੈ, ਪਰ ਪਿਛਲੇ ਸਾਲ ਤੋਂ ਬਾਅਦ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਡੀਏਪੀ ਖਾਦ ਦੀ ਸਪਲਾਈ ਬਿਲਕੁਲ ਨਹੀਂ ਆਈ। ਉਨ੍ਹਾਂ ਮੰਗ ਕੀਤੀ ਕਿ ਸਮੇਂ ਸਿਰ ਕਣਕ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਲੋੜੀਂਦੀ ਸਪਲਾਈ ਤੁਰੰਤ ਯਕੀਨੀ ਬਣਾਈ ਜਾਵੇ। ਇਸ ਹਾਲਤ ਵਿਚ ਪ੍ਰਾਈਵੇਟ ਵਿਕਰੇਤਾ ਖਾਦ ਨੂੰ ਮਹਿੰਗੇ ਭਾਅ ਵਿੱਚ ਵੇਚ ਕੇ ਅਤੇ ਨਾਲ ਨੈਨੋ ਪੈਕਿੰਗ ਅਤੇ ਹੋਰ ਵਸਤਾਂ ਲਗਾ ਕੇ ਕਿਸਾਨਾਂ ਦੀ ਦੋਹਰੀ ਲੁੱਟ ਕਰ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਖਾਦ ਦੀ ਸਪਲਾਈ ਯਕੀਨੀ ਨਾ ਬਣਾਈ ਗਈ ਅਤੇ ਖਾਦ ਉੱਪਰ ਕਾਲਾ ਬਾਜ਼ਾਰੀ ਨਹੀਂ ਰੋਕੀ ਗਈ ਤਾਂ ਸਰਕਾਰ ਨੂੰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਮੌਕੇ ਹਰਦੀਪ ਸਿੰਘ ਖਾਂਗ, ਕੁਲਦੀਪ ਸਿੰਘ ਨੰਬਰਦਾਰ, ਸੁਖਚੈਨ ਸਿੰਘ ਹਰਿਆਊ ਅਤੇ ਮੰਨੂ ਵਿਰਕ ਆਦਿ ਹਾਜ਼ਰ ਸਨ।