ਪਿੰਡ ਭਾਨਰੀ ਵਿੱਚ ਅੱਖਾਂ ਤੇ ਕੈਂਸਰ ਜਾਂਚ ਕੈਂਪ ਲਾਇਆ
ਪਿੰਡ ਭਾਨਰੀ ਦੇ ਗੁਰਦੁਆਰਾ ਸਾਹਿਬ ਵਿੱਚ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅਤੇ ਨਾਲ ਹੀ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ| ਗ੍ਰਾਮ ਪੰਚਾਇਤ ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਭਾਨਰੀ ਵੱਲੋਂ ਸਾਂਝੇ ਉਦਮ ਨਾਲ ਲਗਾਏ ਗਏ ਕੈਂਪ ਦੌਰਾਨ 336 ਵਿਅਕਤੀਆਂ ਦੀ ਜਾਂਚ ਕੀਤੀ ਗਈ ਜਦੋਂ ਕਿ 20 ਵਿਅਕਤੀਆਂ ਦੀਆਂ ਅੱਖਾਂ ਦੇ ਲੈਂਜ ਪਾਏ ਗਏ|
ਇਸ ਤੋਂ ਇਲਾਵਾ ਵੱਖ ਵੱਖ ਸਿਹਤ ਨਾਲ ਜੁੜੇ ਮਾਹਿਰਾਂ ਵੱਲੋਂ ਇਕੱਤਰ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਰੱਖਣ ਦੇ ਕਈ ਨੁਕਤੇ ਸਾਂਝੇ ਕੀਤੇ| ਪਹਿਲਾਂ ਕੈਂਸਰ ਦੇ ਕੈਂਪ ਦਾ ਉਦਘਾਟਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ ਜਦੋਂ ਕਿ ਅੱਖਾਂ ਦੇ ਕੈਂਪ ਦਾ ਆਗਾਜ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਪੁਲੀਸ ਅਧਿਕਾਰੀ ਜੱਸਾ ਸਿੰਘ ਸੰਧੂ ਨੇ ਕੀਤਾ| ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਨੇ ਕੀਤਾ| ਸਮੁੱਚੇ ਕੈਂਪ ਦੀ ਪ੍ਰਧਾਨਗੀ ਡੀ.ਐਸ.ਜੀ.ਪੇਪਰ ਮਿੱਲ ਭਾਨਰੀ ਦੇ ਐਮ.ਡੀ. ਮਨੋਜ ਕੁਮਾਰ ਨੇ ਕੀਤੀ| ਅਕਾਲੀ ਆਗੂ ਤੇ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਸਵਾਜਪੁਰ ਸਮੇਤ ਵੱਡੀ ਗਿਣਤੀ ਇਲਾਕੇ ਦੀਆਂ ਅਹਿਮ ਸਖ਼ਸ਼ੀਅਤਾਂ ਵੀ ਦਿਨ ਭਰ ਚੱਲੇ ਕੈਂਪ ’ਚ ਹਾਜ਼ਰੀ ਭਰੀ|
ਇਸ ਦੌਰਾਨ ਸਮਾਜ ਸੇਵੀ ਤੇ ਕਾਰੋਬਾਰੀ ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਕਿ ਕੈਂਪ ਦੀ ਸਫਲਤਾ ਤੋਂ ਪਿੰਡ ਦੇ ਨੌਜਵਾਨਾਂ ਕਾਫੀ ਉਤਸ਼ਾਹਿਤ ਹੋਏ ਹਨ ਤੇ ਅੱਗੇ ਤੋਂ ਵੀ ਅਜਿਹੇ ਸਮਾਜ ਸੇਵਾ ਦੇ ਬੀੜੇ ਚੁੱਕਣ ਲਈ ਤਿਆਰ ਰਹਿਣਗੇ|