ਗੁਰੂ ਤੇਗ ਬਹਾਦਰ ਦੇ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿੱਚ ਆਗਮਨ ਦਿਵਸ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ...
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿੱਚ ਆਗਮਨ ਦਿਵਸ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਜ਼ੂਰੀ ਰਾਗੀ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਭਾਗ ਸਿੰਘ ਚੌਹਾਨ ਦੀ ਦੇਖਰੇਖ ਹੇਠਾਂ ਹੋਏ ਇਸ ਸਮਾਗਮ ਦੌਰਾਨ ਵੱਖ ਵੱਖ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਅਹੁਦੇਦਾਰ ਵੀ ਸ਼ਾਮਲ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਸਾਹਿਬ ਦੇ ਗੁਰਦੁਆਰਾ ਮੋਤੀ ਬਾਗ ਸਾਹਿਬ ਪੁੱਜਣ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵਿੱਚ ਬਲਿਦਾਨ ਦੇਣ ਲਈ ਤੁਰੇ ਤਾਂ ਵੱਖ ਵੱਖ ਅਸਥਾਨਾਂ ਤੋਂ ਹੁੰਦੇ ਪਟਿਆਲਾ ਜ਼ਿੰਲ੍ਹੇ ਦੇ 35 ਪਾਵਨ ਅਸਥਾਨ ’ਤੇ ਆਪਣੇ ਚਰਨ ਪਾਏ ਸਨ। ਇਸ ਮੌਕੇ ਮੀਡੀਆ ਇੰਚਾਰਜ ਰਾਜਿੰਦਰ ਸਿੰਘ, ਮੀਤ ਮੈਨੇਜਰ ਗੁਰਬਚਨ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਜਥੇ ਦੇ ਪ੍ਰਧਾਨ ਪ੍ਰੇਮ ਸਿੰਘ, ਸ਼ਮਸ਼ੇਰ ਸਿੰਘ ਬਡੂੰਗਰ, ਸਿਮਰਨ ਗਰੇਵਾਲ, ਭਗਵੰਤ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ ਤੇ ਗੁਰਪਿਆਰ ਸਿੰਘ ਜੌਹਰ ਆਦਿ ਮੌਜੂਦ ਸਨ।