ਡੀ.ਟੀ.ਐੱਫ. ਨੇ ਪੰਜਾਬ ਯੂਨੀਵਰਸਿਟੀ ਵਿਰੋਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ (ਡੀਟੀਐਫ) ਦੇ ਸੱਦੇ ਤੇ ਬਲਾਕ ਪਾਤੜਾਂ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸਮਰਥਨ ਵਿੱਚ ਕੇਂਦਰ ਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਖ਼ੁਦ-ਮੁਖ਼ਤਿਆਰੀ ਖ਼ਤਮ ਕਰਨ ਦੇ ਗ਼ੈਰ-ਜਮਹੂਰੀ ਅਤੇ ਗੈਰ ਸੰਵਿਧਾਨਿਕ ਫੈਂਸਲੇ ਦੀਆਂ ਕਾਪੀਆਂ...
ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ (ਡੀਟੀਐਫ) ਦੇ ਸੱਦੇ ਤੇ ਬਲਾਕ ਪਾਤੜਾਂ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸਮਰਥਨ ਵਿੱਚ ਕੇਂਦਰ ਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਖ਼ੁਦ-ਮੁਖ਼ਤਿਆਰੀ ਖ਼ਤਮ ਕਰਨ ਦੇ ਗ਼ੈਰ-ਜਮਹੂਰੀ ਅਤੇ ਗੈਰ ਸੰਵਿਧਾਨਿਕ ਫੈਂਸਲੇ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ।
ਡੀ.ਟੀ.ਐਫ. ਪਟਿਆਲਾ ਦੇ ਜ਼ਿਲ੍ਹਾ ਸਕੱਤਰ ਜਸਪਾਲ ਖਾਂਗ, ਬਲਾਕ ਪ੍ਰਧਾਨ ਰਾਜੀਵ ਕੁਮਾਰ ਅਤੇ ਬਲਾਕ ਸਕੱਤਰ ਬਲਜਿੰਦਰ ਘੱਗਾ ਨੇ ਦੱਸਿਆ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦੀ ਨੀਤੀ ’ਤੇ ਚੱਲਦਿਆਂ, ਸਿੱਖਿਆ ਦਾ ਕੇਂਦਰੀਕਰਨ, ਭਗਵਾਂਕਰਨ ਤੇ ਨਿੱਜੀਕਰਨ ਦੇ ਏਜੰਡੇ ਤਹਿਤ ਪੰਜਾਬ ਮਾਰੂ ਅਤੇ ਸਿੱਖਿਆ ਮਾਰੂ ਫੈਂਸਲੇ ਲੈ ਰਹੀ ਹੈ ਜੋ ਅਸਲੋਂ ਗੈਰ ਸੰਵਿਧਾਨਕ, ਗ਼ੈਰ-ਜਮਹੂਰੀ ਅਤੇ ਰਾਜਾਂ ਦੇ ਅਧਿਕਾਰਾਂ ਵਿੱਚ ਸਿੱਧਾ ਸਿੱਧਾ ਦਖ਼ਲ ਹਨ।
ਕੇਂਦਰ ਵੱਲੋਂ ਪੰਜਾਬ ਵਿਰੋਧੀ ਫੈਂਸਲੇ ਵਾਪਸ ਨਾ ਲੈਣ ਦੀ ਸੂਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਤਿੱਖੇ ਅਤੇ ਲੰਮੇ ਸੰਘਰਸ਼ ਲਈ ਅਧਿਆਪਕ ਵਰਗ ਦੀ ਲਾਮਬੰਦੀ ਕੀਤੀ ਜਾਵੇਗੀ। ਬਲਾਕ ਦੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਪਾਤੜਾਂ, ਗੁਲਾਹੜ, ਸ਼ੁਤਰਾਣਾ, ਸਰਕਾਰੀ ਹਾਈ ਸਕੂਲ ਦੁਤਾਲ, ਹਰਿਆਊ, ਕਰੀਮ ਨਗਰ, ਸਰਕਾਰੀ ਮਿਡਲ ਸਕੂਲ ਦਿਓਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਦੁਤਾਲ, ਹੀਰਾਨਗਰ, ਸ਼ੁਤਰਾਣਾ, ਰਸੋਲੀ, ਨਾਈਵਾਲਾ, ਅੱਡਾ ਸ਼ੁਤਰਾਣਾ, ਅਰਨੋ, ਤੰਬੂਵਾਲਾ, ਅਤਾਲਾਂ, ਬਨਵਾਲਾ, ਬਹਿਰਜੱਛ, ਗੁਲਜ਼ਾਰਪੁਰਾ, ਜੈਖਰ ਅਤੇ ਅਰਨੇਟੂ ਆਦਿ ਸਕੂਲਾਂ ਵਿੱਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।

