ਡਿਵੀਜ਼ਨਲ ਕਮਿਸ਼ਨਰ ਵੱਲੋਂ ਪਾਤੜਾਂ ’ਚ ਦਫ਼ਤਰਾਂ ਦੀ ਚੈਕਿੰਗ
ਪਟਿਆਲਾ ਡਿਵੀਜ਼ਨਲ ਦੇ ਕਮਿਸ਼ਨਰ ਵਿਨੈ ਬੁਬਲਾਨੀ ਨੇ ਅੱਜ ਪਾਤੜਾਂ ਦੇ ਐੱਸਡੀਐੱਮ ਅਤੇ ਤਹਿਸੀਲ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਐੱਸਡੀਐੱਮ ਪਾਤੜਾਂ ਦੇ ਅਸ਼ੋਕ ਕੁਮਾਰ ਅਤੇ ਤਹਿਸੀਲਦਾਰ ਸਵਪਨਦੀਪ ਕੌਰ ਤੋਂ ਉਨ੍ਹਾਂ ਵੱਲੋਂ ਨਿਪਟਾਏ ਜਾਂਦੇ ਅਦਾਲਤੀ ਮਾਮਲਿਆਂ ਸਮੇਤ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਮੁਲਾਂਕਣ ਕੀਤਾ।
ਕਮਿਸ਼ਨਰ ਵਿਨੈ ਬੁਬਲਾਨੀ ਨੇ ਰਿਕਾਰਡ ਦੀ ਬਰੀਕੀ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਪਾਰਦਰਸ਼ਤਾ ਨਾਲ ਸਮੇਂ ਸਿਰ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਐੱਸਡੀਐੱਮ ਪਾਤੜਾਂ ਖੁਦ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਕਾਨੂੰਨਗੋ ਦਫ਼ਤਰਾਂ ਦਾ ਨਿਯਮਿਤ ਤੌਰ ’ਤੇ ਨਿਰੀਖਣ ਕਰਨ। ਮੰਡਲ ਕਮਿਸ਼ਨਰ ਨੇ ਐੱਨਓਸੀ ਜਾਰੀ ਕਰਨ ਵਿੱਚ ਦੇਰੀ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਐੱਨਓਸੀ ਸਮਾਂ ਸੀਮਾਂ ਦੇ ਅੰਦਰ ਜਾਰੀ ਕੀਤਾ ਜਾਵੇ। ਜੇਕਰ ਕਿਸੇ ਵੀ ਹਾਲਤ ਵਿੱਚ ਦੇਰੀ ਹੁੰਦੀ ਹੈ ਤਾਂ ਇਸ ਦਾ ਕਾਰਨ ਰਿਕਾਰਡ ਵਿੱਚ ਸਪੱਸ਼ਟ ਤੌਰ ’ਤੇ ਦਰਜ ਕੀਤਾ ਜਾਵੇ। ਉਨ੍ਹਾਂ ਤਹਿਸੀਲ ਦਫ਼ਤਰ ਵਿੱਚ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਸਟਾਕ ਰਜਿਸਟਰ ਦੀਆਂ ਅਪਡੇਟ ਕੀਤੀਆਂ ਐਂਟਰੀਆਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ਦੇ ਬੇਨਾਮੀ ਦੇ ਮਾਮਲਿਆਂ ਨੂੰ ਵੀ ਪਹਿਲ ਦਿੱਤੀ ਜਾਵੇ। ਉਨ੍ਹਾਂ ਪੰਚਾਇਤੀ ਚੋਣਾਂ ਲਈ ਚੱਲ ਰਹੀ ਟਰੇਨਿੰਗ ਅਤੇ ਈਜ਼ੀ ਰਜਿਸਟਰੀ ਦੇ ਕੰਮ-ਕਾਜ ਦਾ ਵੀ ਜਾਇਜ਼ਾ ਲਿਆ।