ਬਿਨਾਹੇੜੀ ਸਰਪੰਚ ਤੇ ਪ੍ਰਸ਼ਾਸਨ ਵਿਚਾਲੇ ਵਿਵਾਦ ਭਖ਼ਿਆ
ਮੋਹਿਤ ਸਿੰਗਲਾ
ਨਾਭਾ, 5 ਜੁਲਾਈ
ਨਾਭਾ ਦੇ ਪਿੰਡ ਬਿਨਾਹੇੜੀ ਵਿਖੇ ਸਥਾਨਕ ਪ੍ਰਸ਼ਾਸਨ ਅਤੇ ਸਰਪੰਚ ਵਿਚਾਲੇ ਚੱਲ ਰਿਹਾ ਕਥਿਤ ਰੇੜਕਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਪਿੰਡ ਦੀ ਸਰਪੰਚ ਜਸਵਿੰਦਰ ਕੌਰ ’ਤੇ ਰੁੱਖ ਵੱਢਣ ਦਾ ਦੋਸ਼ ਲੱਗਿਆ ਹੈ। ਨਾਭਾ ਬੀਡੀਪੀਓ ਨੇ ਉਨ੍ਹਾਂ ਨੂੰ ਪੱਖ ਰੱਖਣ ਲਈ ਸੋਮਵਾਰ ਆਪਣੇ ਕੋਲ ਬੁਲਾਇਆ ਹੈ। ਦੂਜੇ ਪਾਸੇ ਬੀਤੀ ਸ਼ਾਮ ਬੀਡੀਪੀਓ ਦੀ ਹੱਥ ਲਿਖੀ ਚਿੱਠੀ ਮਿਲਦਿਆਂ ਹੀ ਸਰਪੰਚ ਨੇ ਅੱਜ ਬੀਡੀਪੀਓ ਨੂੰ ਚਿੱਠੀ ਲਿਖ ਕੇ ਇਸ ਮਾਮਲੇ ’ਤੇ ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਰੱਖ ਲਿਆ ਅਤੇ ਪੰਚਾਇਤ ਅਫ਼ਸਰ ਨੂੰ ਪੜਤਾਲੀਆ ਰਿਪੋਰਟ ਲੈ ਕੇ ਇਜਲਾਸ ’ਚ ਹਾਜ਼ਰ ਰਹਿਣ ਲਈ ਕਿਹਾ।
ਨਾਭਾ ਬੀਡੀਪੀਓ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਾਪਤ ਸ਼ਿਕਾਇਤ ਮੁਤਾਬਕ ਸਰਪੰਚ ਨੇ ਛੱਪੜ ਦੇ ਕਿਨਾਰੇ ਤੋਂ ਵਿਭਾਗ ਦੀ ਇਜਾਜ਼ਤ ਲਏ ਬਿਨਾਂ ਰੁੱਖ ਵੱਢ ਲਏ ਹਨ ਤੇ ਪੰਚਾਇਤ ਅਫ਼ਸਰ ਰਣਜੀਤ ਸਿੰਘ ਨੇ ਮੌਕੇ ’ਤੇ ਜਾ ਕੇ ਪੜਤਾਲ ਵੀ ਕੀਤੀ। ਪੰਚਾਇਤ ਅਫ਼ਸਰ ਰਣਜੀਤ ਸਿੰਘ ਨੇ ਦੱਸਿਆ ਕਿ ਤਿੰਨ ਸਫੈਦੇ ਦੇ ਦਰੱਖਤ ਵੱਢੇ ਗਏ ਹਨ ਤੇ ਸਰਪੰਚ ਤੋਂ ਪੁੱਛਿਆ ਜਾਵੇਗਾ ਕਿ ਇਹ ਦਰੱਖਤ ਕਿੱਥੇ ਹਨ।
ਦੂਜੇ ਪਾਸੇ ਸਰਪੰਚ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਅਪਰੈਲ ਮਹੀਨੇ ਸੜਕਾਂ ਕਿਨਾਰਿਓਂ ਜਾਨਲੇਵਾ ਸੁੱਕੇ ਦਰੱਖਤ ਵੱਢਣ ਦੀ ਅਰਜ਼ੀ ਨਾਭਾ ਐੱਸਡੀਐੱਮ ਅਤੇ ਵਣ ਵਿਭਾਗ ਨੂੰ ਦਿੱਤੀ ਸੀ ਪਰ ਉਨ੍ਹਾਂ ਨੇ ਖ਼ੁਦ ਇੱਕ ਵੀ ਦਰੱਖਤ ਨਹੀਂ ਵਢਾਇਆ। ਉਨ੍ਹਾਂ ਸਥਾਨਕ ਪ੍ਰਸ਼ਾਸਨ ’ਤੇ ਪ੍ਰਬੰਧਕ ਲਾਉਣ ਦੀ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਮਾਮਲਾ ਸਾਰੇ ਪਿੰਡ ਦੇ ਅੱਗੇ ਸੁਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਚਾਇਤ ਅਫ਼ਸਰ ਨੂੰ ਪੜਤਾਲੀਆ ਰਿਪੋਰਟ ਸਮੇਤ 22 ਜੁਲਾਈ ਨੂੰ ਰੱਖੇ ਗ੍ਰਾਮ ਸਭਾ ’ਚ ਸੱਦਿਆ ਗਿਆ ਹੈ, ਜਿੱਥੇ ਪਿੰਡ ਦੇ ਲੋਕ ਇਸ ਮਾਮਲੇ ਵਿੱਚ ਸੰਵਿਧਾਨਕ ਰੂਪ ਵਿੱਚ ਫ਼ੈਸਲਾ ਲੈਣਗੇ।
ਸਰਪੰਚ ਨੇ ਬੀਡੀਪੀਓ ਨੂੰ ਲਿਖੀ ਚਿੱਠੀ ਵਿੱਚ ਰੋਸ ਜਤਾਇਆ ਕਿ ਜੂਨ ਮਹੀਨੇ ਦੇ ਆਮ ਇਜਲਾਸ ਲਈ ਪ੍ਰਸ਼ਾਸਨ ਵੱਲੋਂ ਖ਼ੁਦ ਰੱਖੀ ਗਈ ਤਰੀਕ 28 ਜੂਨ ਨੂੰ ਕੋਈ ਵੀ ਪੰਚਾਇਤ ਅਧਿਕਾਰੀ ਪਿੰਡ ਨਾ ਪਹੁੰਚਿਆ, ਜਿਸ ਕਾਰਨ ਪਿੰਡ ਦੇ ਸਕੱਤਰ ਅਤੇ ਨੋਡਲ ਅਫ਼ਸਰ ਵੀ 22 ਜੁਲਾਈ ਨੂੰ ਇਜਲਾਸ ਵਿੱਚ ਪਹੁੰਚਣ। ਸਰਪੰਚ ਨੇ ਦੱਸਿਆ ਕਿ ਜੂਨ ਦਾ ਗ੍ਰਾਮ ਸਭਾ ਇਜਲਾਸ ਕਾਨੂੰਨੀ ਪਾਬੰਦੀ ਹੈ, ਜਿਸ ਵਿੱਚ ਪੰਚਾਇਤ ਅਧਿਕਾਰੀਆਂ ਨੇ ਆਮਦਨ ਖਰਚ ਦਾ ਪਿਛਲਾ ਸਾਰਾ ਹਿਸਾਬ ਲੋਕਾਂ ਅੱਗੇ ਰੱਖਣਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਪੰਜ ਪੰਚਾਇਤ ਮੈਂਬਰਾਂ ਦੀ ਸ਼ਿਕਾਇਤ ’ਤੇ ਬੀਡੀਪੀਓ ਨਾਭਾ ਪਿੰਡ ਵਿੱਚ ਪ੍ਰਬੰਧਕ ਲਗਾਉਣ ਦੀ ਸਿਫਾਰਿਸ਼ ਕਰ ਚੁੱਕੇ ਹਨ ਪਰ ਡੀਡੀਪੀਓ ਪਟਿਆਲਾ ਨੇ ਸੁਣਵਾਈ ਦੌਰਾਨ ਪੰਜ ਪੰਚਾਇਤ ਮੈਂਬਰ ਹੀ ਮੁਅੱਤਲ ਕਰ ਦਿੱਤੇ ਸਨ। ਇਸ ਮਗਰੋਂ ਪੰਚਾਇਤ ਸਕੱਤਰ ਦੀ ਲਗਾਤਾਰ ਗੈਰਹਾਜ਼ਰੀ ਕਾਰਨ ਬਾਕੀ ਪੰਚਾਇਤ ਨੇ ਖ਼ੁਦ ਹੀ ਕਿਸੇ ਹੋਰ ਨੂੰ ਪੰਚਾਇਤ ਸਕੱਤਰ ਦਾ ਮਤਾ ਲਿਖਣ ਦਾ ਅਧਿਕਾਰ ਦੇ ਕੇ ਮਤਾ ਪਾ ਕੇ ਕੰਮ ਸ਼ੁਰੂ ਕਰ ਲਿਆ। ਇਸ ਮਗਰੋਂ ਸਰਪੰਚ ’ਤੇ ਪੰਚਾਇਤੀ ਜ਼ਮੀਨ ਦੱਬਣ ਦੇ ਦੋਸ਼ ਵੀ ਲੱਗੇ, ਜਿਸ ਦੀ ਮਿਣਤੀ ਹੋਣੀ ਹਾਲੇ ਬਾਕੀ ਹੈ।