ਦੇਸ਼ ਅਤੇ ਸੂਬੇ ਦੇ ਰਾਜਨੀਤਕ ਹਾਲਾਤ ’ਤੇ ਚਰਚਾ
ਤਰਕਸ਼ੀਲ ਭਵਨ ਪਟਿਆਲਾ ਵਿੱਚ ‘ਮੌਜੂਦਾ ਰਾਜਨੀਤਕ ਹਾਲਤਾਂ ਵਿੱਚ ਭਵਿੱਖ ਦੀ ਰਾਜਨੀਤਕ ਦਿਸ਼ਾ ਕੀ ਹੋਵੇ’ ਵਿਸ਼ੇ ’ਤੇ ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਲੈਟਫਾਰਮ (ਆਈਡੀਪੀ) ਦੀ ਜ਼ਿਲ੍ਹਾ ਕਮੇਟੀ ਵੱਲੋਂ ਚਰਚਾ ਕਰਵਾਈ ਗਈ। ਇਸ ਮੌਕੇ ਮੁੱਖ ਵਕਤਾ ਸੀਨੀਅਰ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਲੋਕਤੰਤਰ ਦਾ ਘਾਣ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਦੀ ਸੱਤਾ ਤੋਂ ਬਾਅਦ ਵੀ ਲੋਕਾਂ ਅੱਗੇ ਜਵਾਬਦੇਹੀ ਤੋਂ ਭੱਜ ਰਿਹਾ ਹੈ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਵੀ ਕੇਂਦਰ ਦੀ ਤਰਜ਼ ’ਤੇ ਹੀ ਲੋਕਾਂ ਦੀਆਂ ਜ਼ਮੀਨਾਂ ਦਾ ਉਜਾੜਾ ਕਰਨ ਲੱਗੀ ਹੋਈ ਹੈ। ਕੋਈ ਲੀਡਰ ਜਾਂ ਰਾਜਨੀਤਕ ਪਾਰਟੀ ਇਸ ਮਨੁੱਖੀ ਘਾਣ ਦੇ ਖ਼ਿਲਾਫ਼ ਆਵਾਜ਼ ਨਹੀਂ ਉਠਾ ਰਹੀ। ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਆਈਡੀਪੀ ਦੇ ਸੀਨੀਅਰ ਆਗੂ ਫਲਜੀਤ ਸਿੰਘ ਸੰਗਰੂਰ ਨੇ ਕਿਹਾ ਸਰਕਾਰਾਂ ਵੱਡੇ ਵਪਾਰਿਕ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਦੇਸ਼ ਦੀ 80 ਫ਼ੀਸਦੀ ਆਬਾਦੀ ਤਰਸਯੋਗ ਹਾਲਤਾਂ ਵਿੱਚ ਜੀਵਨ ਬਸਰ ਕਰ ਰਹੀ ਹੈ।