ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਡਾਇਰੀਆ: ਅਲੀਪੁਰ ਅਰਾਈਆਂ ਵਿੱਚ ਸਥਿਤੀ ਸੁਧਰਨ ਦਾ ਦਾਅਵਾ

ਡੀਸੀ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ; ਹਲਕੇ ਲੱਛਣਾਂ ਵਾਲੇ ਛੇ ਨਵੇਂ ਮਰੀਜ਼ ਮਿਲੇ
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 11 ਜੁਲਾਈ

Advertisement

ਡੀਸੀ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਿੰਡ ਅਲੀਪੁਰ ਅਰਾਈਆਂ ’ਚ ਡਾਇਰੀਆ (ਉਲਟੀਆਂ ਤੇ ਦਸਤ ਰੋਗ) ਦੀ ਸਥਿਤੀ ’ਚ ਹੁਣ ਸੁਧਾਰ ਆ ਗਿਆ ਹੈ ਅਤੇ ਪਾਣੀ ਦੇ ਦੋ ਦਿਨ ਪਹਿਲਾਂ ਲਏ ਗਏ ਸੈਂਪਲਾਂ ਦੀ ਰਿਪੋਰਟ ਠੀਕ ਆਈ ਹੈ। ਉਹ ਸਥਿਤੀ ਦਾ ਮੁਲਾਂਕਣ ਕਰਨ ਲਈ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ, ਏਡੀਸੀ ਨਵਰੀਤ ਕੌਰ ਸੇਖੋਂ ਤੇ ਅਮਰਿੰਦਰ ਸਿੰਘ ਟਿਵਾਣਾ, ਐੱਸਡੀਐੱਮ ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਡੀਸੀ ਨੇ ਦੱਸਿਆ ਕਿ ਅਲੀਪੁਰ ਅਰਾਈਆਂ ਇਲਾਕੇ ਵਿੱਚ ਸਿਹਤ ਟੀਮਾਂ ਵੱਲੋਂ ਘਰ-ਘਰ ਸਰਵੇਖਣ ਦੌਰਾਨ ਪਿਛਲੇ 24 ਘੰਟਿਆਂ ’ਚ ਹਲਕੇ ਲੱਛਣਾਂ ਵਾਲੇ ਕੇਵਲ 6 ਨਵੇਂ ਮਰੀਜ਼ ਆਏ ਹਨ, ਜਿਨ੍ਹਾਂ ਨੂੰ ਵੀ ਦਾਖ਼ਲ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁਲ 137 ਕੇਸ ਅਲੀਪੁਰ ਅਰਾਈਆਂ ਵਿੱਚ ਆਏ ਹਨ, ਜਿਨ੍ਹਾਂ ’ਚੋਂ 16 ਨੂੰ ਦਾਖਲ ਕਰਨ ਦੀ ਲੋੜ ਪਈ ਸੀ ਅਤੇ ਹੁਣ ਕੇਵਲ ਦੋ ਮਰੀਜ਼ ਹੀ ਦਾਖਲ ਹਨ, ਜਿਨ੍ਹਾਂ ਦੀ ਸਥਿਤੀ ਬਿਲਕੁਲ ਠੀਕ ਹੈ ਜਦਕਿ ਬਾਕੀਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਜ਼ਿਲ੍ਹੇ ਭਰ ’ਚ ਅਤੇ ਖ਼ਾਸ ਕਰਕੇ ਪਿਛਲੇ ਸਾਲਾਂ ਦੌਰਾਨ ਹੌਟ ਸਪੌਟ ਰਹੇ ਇਲਾਕਿਆਂ ਵਿੱਚ ਪਾਣੀ ਦੀ ਸੈਂਪਲਿੰਗ ਕਰਵਾਈ ਗਈ ਹੈ ਅਤੇ ਕਲੋਰੀਨੇਸ਼ਨ ਦੀ ਮਾਤਰਾ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਅਲੀਪੁਰ ਵਿਖੇ 3 ਥਾਵਾਂ ’ਤੇ ਪਾਣੀ ਵਿੱਚ ਖਰਾਬੀ ਆਈ ਸੀ, ਜਿਸ ਨੂੰ ਤੁਰੰਤ ਠੀਕ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਏਡੀਸੀ ਦਿਹਾਤੀ ਵਿਕਾਸ ਤੇ ਸ਼ਹਿਰੀ ਵਿਕਾਸ ਸਮੇਤ ਐੱਸਡੀਐੱਮਜ਼ ਜ਼ਿਲ੍ਹੇ ਭਰ ਵਿੱਚ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ-ਸੁਥਰਾ ਸਪਲਾਈ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ ਜਦਕਿ ਸ਼ਿਕਾਇਤ ਮਿਲਣ ’ਤੇ ਪੀਡੀਏ ਵੱਲੋਂ ਓਮੈਕਸ ਸਿਟੀ ਵਿਖੇ ਵੀ ਪਾਣੀ ਦੀ ਸੈਂਪਲਿੰਗ ਕਰਵਾਈ ਗਈ ਹੈ ਤੇ ਪਾਣੀ ਦੀ ਮੇਨ ਲਾਈਨ ਦੀ ਸਕਾਵਰਿੰਗ ਕਰ ਕੇ ਕਲੋਰੀਨੇਸ਼ਨ ਕਰਵਾ ਦਿੱਤੀ ਗਈ ਹੈ।

ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਮੁਆਵਜ਼ਾ ਦੇਵੇ ਸਰਕਾਰ: ਰੱਖੜਾ

ਪਟਿਆਲਾ (ਪੱਤਰ ਪ੍ਰੇਰਕ): ਪਿਛਲੇ ਕੁਝ ਦਿਨਾਂ ਤੋਂ ਪਿੰਡ ਅਲੀਪੁਰ ਅਰਾਈਆਂ ਡਾਇਰੀਆ ਫੈਲਣ ਕਾਰਨ ਚਰਚਾ ਵਿੱਚ ਆਉਣ ਕਾਰਨ ਉੱਥੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੌਰਾ ਕੀਤਾ। ਪਰਿਵਾਰਾਂ ਪਾਸੋਂ ਪਤਾ ਲੱਗਿਆ ਕਿ ਇਲਾਕੇ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਪਾਣੀ ਗੰਧਲਾ ਆ ਰਿਹਾ ਸੀ ਜਿਸ ਬਾਰੇ ਸਮੇਂ-ਸਮੇਂ ’ਤੇ ਆਵਾਜ਼ ਉਠਾਈ ਗਈ ਪਰ ਕਿਸੇ ਨੇ ਸਾਰ ਨਹੀਂ ਲਈ ਤੇ ਹੁਣ ਜਦੋਂ ਸਥਿਤੀ ਵਸੋਂ ਬਾਹਰ ਹੋ ਗਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸ੍ਰੀ ਰੱਖੜਾ ਨੇ ਕਿਹਾ ਕਿ ਅਲੀਪੁਰ ਅਰਾਈਆਂ ਪੰਥਕ ਸੋਚ ਰੱਖਣ ਵਾਲਾ ਤੇ ਗੁਰਸਿੱਖੀ ਨਾਲ ਜੁੜਿਆ ਹੋਇਆ ਪਿੰਡ ਹੈ ਪਰ ਗਰੀਬ ਜਨਤਾ ਨਾਲ ਵਾਪਰੀ ਇਹ ਘਟਨਾ ਬਹੁਤ ਮੰਦਭਾਗੀ ਹੈ। ਸਾਧਾਰਨ ਜਨਤਾ ਸਰਕਾਰ ਦੇ ਆਸਰੇ ਰਹਿ ਕੇ ਸਰਕਾਰੀ ਪਾਣੀ ਪੀਂਦੀ ਰਹੀ, ਇਸ ਲਈ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸ੍ਰੀ ਰੱਖੜਾ ਨੇ ਕਿਹਾ ਕਿ ਜੇਕਰ ਸਿਹਤ ਮੰਤਰੀ ਵੀ ਇੱਥੋਂ ਦਾ ਹੋਵੇ ਫੇਰ ਤਾਂ ਇਹ ਗੱਲ ਹੋਰ ਵੀ ਮੰਦਭਾਗੀ ਹੋ ਜਾਂਦੀ ਹੈ। ਪਿੰਡ ਵਾਸੀਆਂ ਦਾ ਦੁੱਖ ਅਸਹਿ ਹੈ ਇੱਥੇ ਇੱਕੋ ਪਰਿਵਾਰ ਵਿੱਚ ਪਹਿਲਾਂ ਇੱਕ ਬਿਰਧ ਔਰਤ ਦੀ ਮੌਤ ਹੋਈ ਤੇ ਫੇਰ ਉਸੇ ਪਰਿਵਾਰ ਦੀ ਇੱਕ ਛੋਟੀ ਬੱਚੀ ਸਰਕਾਰ ਦੀ ਲਾਪਰਵਾਹੀ ਕਾਰਨ ਮੌਤ ਦੀ ਭੇਟ ਚੜ੍ਹ ਗਈ। ਸ੍ਰੀ ਰੱਖੜਾ ਨੇ ਗਰੀਬ ਪਰਿਵਾਰਾਂ ਦੀ ਮਦਦ ਲਈ ਸਰਕਾਰ ਨੂੰ ਪ੍ਰਤੀ ਜੀਅ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੀ ਮੌਜੂਦ ਸਨ।

Advertisement