ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਜੂਨ
ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪਟਿਆਲਾ ਦਾ ਵਫ਼ਦ ਡੀਸੀ ਡਾ. ਪ੍ਰੀਤੀ ਯਾਦਵ ਨੂੰ ਧੰਨਾ ਸਿੰਘ ਦੌਣ ਕਲਾਂ, ਸਤਪਾਲ ਨੂਰ ਖੇੜੀਆਂ, ਰਾਜਿੰਦਰ ਸਿੰਘ ਧਾਲੀਵਾਲ ਅਤੇ ਰੌਣਕੀ ਰਾਮ ਲਾਛੜੂ ਕਲਾਂ ਦੀ ਅਗਵਾਈ ਵਿੱਚ ਮਿਲਿਆ ਜਿਸ ਵਿੱਚ ਜ਼ਿਲ੍ਹਾ ਪਟਿਆਲਾ ਵਿੱਚ ਵਹਿੰਦੇ ਘੱਗਰ ਦਰਿਆ ਅਤੇ ਉਲਟ ਦਿਸ਼ਾ ਵਿੱਚ ਵਹਿੰਦੀਆਂ ਨਰਵਾਣਾ ਬਰਾਂਚ ਅਤੇ ਸੈਕਿੰਡ ਫੀਡਰ ਪਟਿਆਲਾ ਤੇ ਐੱਸਵਾਈਐੱਲ ਨਹਿਰਾਂ ਬਾਰੇ ਚਰਚਾ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਨਹਿਰਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਰਸਤੇ ਚੰਗੀ ਤਰ੍ਹਾਂ ਸਾਫ਼ ਨਾ ਕੀਤੇ ਗਏ ਤਾਂ ਇਹ ਪਟਿਆਲਾ ਦੇ ਨਾਲ ਹੀ ਮੁਹਾਲੀ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ’ਤੇ ਵੀ ਮਾੜੇ ਪ੍ਰਭਾਵ ਪਾਉਣਗੇੇ। ਇਸ ਦੇ ਨਾਲ ਹੀ ਪਟਿਆਲੇ ਵਿੱਚ ਵਹਿੰਦੇ ਨਦੀਆਂ ਨਾਲਿਆਂ, ਐੱਸਵਾਈਐੱਲ ਤੇ ਘੱਗਰ ਦਰਿਆ ਦੀ ਖਨੌਰੀ ਤੇ ਸਰਾਲਾ ਹੈੱਡ ਨੇੜੇ ਉੱਗੀ ਬੂਟੀ ਸਾਫ਼ ਕਰਾਉਣ ਬਾਰੇ ਚਰਚਾ ਕੀਤੀ ਗਈ। ਅੱਜ ਦੇ ਵਫ਼ਦ ਵਿੱਚ ਹਰਦੇਵ ਸਿੰਘ ਸਮਾਣਾ, ਗੀਤ ਸਿੰਘ ਕਕਰਾਲਾ, ਚਮਕੌਰ ਸਿੰਘ ਖੱਤਰੀ ਵਾਲਾ ਤੇ ਜਸਵਿੰਦਰ ਸਿੰਘ ਆਦਿ ਸ਼ਾਮਲ ਸਨ।
ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ ਕਰਵਾਉਣ ਦੀ ਮੰਗ
ਵਫ਼ਦ ਵਿੱਚ ਸ਼ਾਮਲ ਦਰਸ਼ਨ ਬੇਲੂਮਾਜਰਾ, ਹਰੀ ਸਿੰਘ ਢੀਂਡਸਾ, ਰਾਜ ਕਿਸ਼ਨ ਨੂਰ ਖੇੜੀਆਂ ਤੇ ਨਛੱਤਰ ਸਿੰਘ ਦੌਣ ਕਲਾਂ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸਫ਼ਾਈ ਕਾਮੇ ਲੰਮੇ ਸਮੇਂ ਤੋਂ ਮੰਗਾਂ ਦੇ ਹੱਲ ਲਈ ‘ਕੰਮ ਛੱਡੋ ਹੜਤਾਲ’ ਉੱਤੇ ਹਨ ਜਿਸ ਕਾਰਨ ਪੂਰਾ ਸ਼ਹਿਰ ਕੂੜੇ ਦੇ ਢੇਰਾਂ ਨਾਲ ਭਰਿਆ ਪਿਆ ਹੈ। ਮੀਂਹ ਦਾ ਮੌਸਮ ਹੈ ਤੇ ਕਿਸੇ ਵੀ ਸਮੇਂ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰ ਕੇ ਇਹ ਹੜਤਾਲ ਖ਼ਤਮ ਕਰਾਈ ਜਾਵੇ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਾਇਆ ਜਾਵੇ, ਸੰਘਰਸ਼ ਕਰ ਰਹੇ ਮੁਲਾਜ਼ਮ ਆਗੂਆਂ ’ਤੇ ਕੀਤੇ ਪਰਚੇ ਰੱਦ ਕਰ ਕੇ ਨਗਰ ਨਿਗਮ ਅਤੇ ਸ਼ਹਿਰ ਦੇ ਮਾਹੌਲ ਨੂੰ ਸੁਖਾਵਾਂ ਬਣਾਇਆ ਜਾਵੇ।