ਬਲਬੇੜ੍ਹਾ ’ਚ ਐਂਬੂਲੈਂਸ 108 ਖੜ੍ਹੀ ਕਰਨ ਦੀ ਮੰਗ
ਪੱਤਰ ਪ੍ਰੇਰਕ
ਦੇਵੀਗੜ੍ਹ, 6 ਜੁਲਾਈ
ਕਸਬਾ ਬਲਬੇੜਾ ਵਿੱਚ ਸਮੂਹਿਕ ਸਿਹਤ ਕੇਂਦਰ ਦੁਧਨਸਾਧਾਂ ਅਧੀਨ ਮਿਨੀ ਪੀ.ਐੱਚ.ਸੀ. ਵਿੱਚ ਇਲਾਕੇ ਦੇ ਲੋਕਾਂ ਦੀ ਸਿਹਤ ਸਹੂਲਤ ਲਈ ਪਿਛਲੇ ਲੰਬੇ ਸਮੇਂ ਤੋਂ ਐਂਬੂਲੈਂਸ 108 ਵੈਨ ਨਿਰੰਤਰ ਖੜ੍ਹਦੀ ਸੀ ਜੋ ਪਿਛਲੇ ਮਹੀਨੇ ਤੋਂ ਬੰਦ ਹੈ। ਇਸ ਸਬੰਧੀ ਕਸਬਾ ਬਲਬੇੜਾ ਦੇ ਨੌਜਵਾਨ ਹਰਜੀਤ ਸਿੰਘ, ਸਨੀ ਸਿੰਘ, ਇਮਰਾਨ, ਸਨਦੀਪ ਸਿੰਘ, ਸੁਲਤਾਨ, ਸੋਨੀ, ਜੱਗੀ, ਤੀਰਥ, ਹਰਮਨ ਸਿੰਘ, ਸਤਬੀਰ ਸਿੰਘ ਆਦਿ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਕਸਬਾ ਬਲਬੇੜਾ ਇਲਾਕੇ ਦੇ 30-35 ਪਿੰਡਾਂ ਨੂੰ ਕਵਰ ਕਰ ਰਿਹਾ ਹੈ ਤੇ ਇਸ ਕਸਬੇ ਵਿੱਚ ਕੋਈ ਵੀ ਵੱਡਾ ਸਰਕਾਰੀ ਹਸਪਤਾਲ ਨਹੀਂ ਹੈ ਤੇ ਇਲਾਕੇ ਦੇ ਲੋਕਾਂ ਨੂੰ ਅਣਸੁਖਾਵੀਂ ਘਟਨਾ ਵਾਪਰਨ ਜਾਂ ਐਮਰਜੈਂਸੀ ਇਲਾਜ ਲਈ ਵੱਡੇ ਹਸਪਤਾਲ ਜਾਣ ਲਈ ਪਟਿਆਲਾ ਸ਼ਹਿਰ ਹੀ ਜਾਣਾ ਪੈਂਦਾ ਹੈ ਜੋ ਬਲਬੇੜ੍ਹਾ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ’ਤੇ ਹੈ। ਨੌਜਵਾਨਾਂ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਐਬੂਲੈਂਸ ਸੇਵਾ 108 ਦੀ ਵੈਨ ਤੁਰੰਤ ਬਲਬੇੜਾ ’ਚ ਭੇਜੀ ਜਾਵੇ। ਐੱਸ.ਐੱਮ.ਓ. ਦੂਧਨਸਾਧਾਂ ਡਾ. ਜੈਦੀਪ ਭਾਟੀਆ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਐਂਬੂਲੈਂਸ ਦੇ ਮਸਲੇ ਨੂੰ ਹੱਲ ਕਰਵਾਉਣਗੇ।