ਪੰਜਾਬ ਸਰਕਾਰ ਵੱਲੋਂ ਸ਼ਹਿਰੀ ਪੈਟਰਨ ਦੀ ਸੰਪੱਤੀ ’ਤੇ ਪ੍ਰਾਪਰਟੀ ਟੈਕਸ ਦੀ ਬਿਨਾਂ ਜੁਰਮਾਨੇ ਤੇ ਵਿਆਜ ਦੀ ਨਿਰਧਾਰਿਤ ਆਖ਼ਰੀ ਤਾਰੀਕ 31 ਅਗਸਤ ’ਚ ਮੋਹਲਤ ਦੇਣ ਦੀ ਮੰਗ ਉੱਠਣ ਲੱਗੀ ਹੈ| ਲੋਕਾਂ ਦਾ ਤਰਕ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਆਖਰੀ ਤਾਰੀਕ ਜਿਹੜੀ ਕਿ ਭਲਕੇ 31 ਅਗਸਤ ਨੂੰ ਖਤਮ ਹੋ ਰਹੀ ਹੈ, ਉਸ ’ਚ ਵਾਧਾ ਕਰਨਾ ਇਸ ਲਈ ਜਰੂਰੀ ਹੈ ਕਿ ਕਿਉਂਕਿ ਪੰਜਾਬ ਦਾ ਵੱਡੀ ਗਿਣਤੀ ਇਲਾਕਾ ਹੜ੍ਹਾਂ ਦੀ ਲਪੇਟ ’ਚ ਆਇਆ ਹੋਇਆ ਹੈ| ਨਗਰ ਪੰਚਾਇਤ ਘੱਗਾ ਦੇ ਸਾਬਕਾ ਪ੍ਰਧਾਨ ਤੇ ਸਮਾਜ ਸੇਵੀ ਮੇਜਰ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਘੱਗਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਸ਼ਾਹੀ ਤੇ ਕਾਰੋਬਾਰੀ ਗੁਰਧਿਆਨ ਸਿੰਘ ਭਾਨਰੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਔਖੀ ਘੜੀ ਦੇ ਦਿਨਾਂ ’ਚ ਸਰਕਾਰ ਨੂੰ ਪ੍ਰਾਪਰਟੀ ਟੈਕਸ ਭਰਨ ਦੀ ਤਰੀਕ ’ਚ ਮੋਹਲਤ ਦੇਣ ਲਈ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ|