ਸ਼ਾਮਦੋ ਦੀ ਸੜਕ ’ਚ ਡੂੰਘੇ ਟੋਏ
ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਪਿੰਡ ਸ਼ਾਮਦੋ ਨੂੰ ਜਾਣ ਵਾਲੀ ਸੜਕ ਦੀ ਹਾਲਤ ਤਰਸਯੋਗ ਹੈ। ਸੜਕ ਵਿਚਕਾਰ ਬਣੇ ਟੋਏ ਪਹਿਲਾਂ ਨਾਲੋਂ ਵੀ ਡੂੰਘੇ ਹੋ ਗਏ ਹਨ ਜਿਨ੍ਹਾਂ ਵਿਚ ਬਰਸਾਤੀ ਪਾਣੀ ਤੋਂ ਇਲਾਵਾ ਸੀਵਰੇਜ ਦਾ ਪਾਣੀ ਵੀ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਕਿਸੇ ਭਿਆਨਕ ਜਾਨਲੇਵਾ ਬਿਮਾਰੀ ਫੈਲਣ ਦੇ ਖ਼ਤਰੇ ਵਜੋਂ ਪਿੰਡ ਵਾਸੀਆਂ ਵਿਚ ਸਹਿਮ ਹੈ। ਪਿੰਡ ਸ਼ਾਮਦੋ ਦੇ ਹਰਵਿੰਦਰ ਸਿੰਘ, ਮਲਵਿੰਦਰ ਸਿੰਘ, ਸਰਵਣ ਕੁਮਾਰ, ਜਸਵਿੰਦਰ ਸਿੰਘ ਜੱਸੀ, ਹਰਦੀਪ ਸਿੰਘ, ਮਨਦੀਪ ਸਿੰਘ, ਰਵਿੰਦਰ ਕਪੂਰ, ਸੁਰਿੰਦਰ ਕਪੂਰ ਸਮੇਤ ਹੋਰਨਾਂ ਨੇ ਦੱਸਿਆ ਕਿ ਰਾਜਪੁਰਾ ਚੰਡੀਗੜ੍ਹ ਰੋਡ ਤੋਂ ਪਿੰਡ ਸ਼ਾਮਦੋ ਨੂੰ ਆਉਂਦੀ ਪੱਕੀ ਸੜਕ ’ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਜਿਨ੍ਹਾਂ ਵਿਚ ਲਾਗਲੀਆਂ ਫ਼ੈਕਟਰੀਆਂ ਦੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ। ਇਨ੍ਹਾਂ ਟੋਇਆਂ ਵਿਚੋਂ ਡਿੱਗ ਕੇ ਕਈ ਵਾਰ ਦੋ ਪਹੀਆ ਵਾਹਨ ਚਾਲਕ ਆਪਣਾ ਸਰੀਰਕ ਨੁਕਸਾਨ ਕਰਵਾ ਚੁੱਕੇ ਹਨ। ਪਿੰਡ ਵਾਸੀਆਂ ਨੇ ਸੜਕ ਦੇ ਟੁੱਟਣ ਦਾ ਮੁੱਖ ਕਾਰਨ ਨੇੜਲੇ ਫ਼ੈਕਟਰੀਆਂ ਵਿਚ ਆਉਣ ਵਾਲ਼ੇ ਭਾਰੀ ਵਾਹਨਾਂ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਯੋਗ ਨਿਕਾਸੀ ਦਾ ਨਾ ਹੋਣਾ ਦੱਸਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਲਗਭਗ ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਜ਼ੈਲਦਾਰ ਦੀ ਅਗਵਾਈ ਹੇਠ ਸੜਕ ਦੇ ਨੇੜੇ ਬਣੀ ਫ਼ੈਕਟਰੀ ਮੂਹਰੇ ਰੋਸ ਧਰਨਾ ਵੀ ਦਿੱਤਾ ਸੀ, ਫ਼ੈਕਟਰੀ ਮਾਲਕਾਂ ਵੱਲੋਂ ਟੋਇਆਂ ਨੂੰ ਭਰਨ ਦਾ ਵਾਅਦਾ ਕੀਤਾ ਗਿਆ ਪਰ ਅਜੇ ਤੱਕ ਉਹ ਵਾਅਦਾ ਵਫ਼ਾ ਨਹੀਂ ਹੋਇਆ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਨੈਸ਼ਨਲ ਹਾਈਵੇਅ ਜਾਮ ਕਰ ਕੇ ਰੋਸ ਧਰਨਾ ਦੇਣਗੇ।
ਐੱਸ ਡੀ ਐੱਮ ਦੇ ਧਿਆਨ ’ਚ ਲਿਆਂਦਾ ਜਾਵੇਗਾ ਮਾਮਲਾ: ਐੱਸ ਡੀ ਓ
ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਯਾਦਵਿੰਦਰ ਸ਼ਰਮਾ ਨੇ ਕਿਹਾ ਕਿ ਸੜਕ ਦੀ ਮੁਰੰਮਤ ਲਈ ਬੀ.ਡੀ.ਪੀ.ਓ. ਰਾਜਪੁਰਾ ਨੂੰ 2 ਵਾਰ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਪੱਤਰ ਭੇਜਿਆ ਜਾ ਚੁੱਕਿਆ ਹੈ ਪਰ ਬੀਡੀਪੀਓ ਦਫ਼ਤਰ ਵੱਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਮਾਮਲਾ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਐੱਸ ਡੀ ਐੱਮ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਬੀਡੀਪੀਓ ਦਫ਼ਤਰ ਰਾਜਪੁਰਾ ਨੂੰ ਮੁੜ ਤੋਂ ਪੱਤਰ ਭੇਜਿਆ ਜਾਵੇਗਾ।