ਪਰਾਲੀ ਸਾੜਨ ਤੋਂ ਰੋਕਣ ਲਈ ਡੀ ਸੀ ਵੱਲੋਂ ਕਿਸਾਨਾਂ ਨਾਲ ਮੁਲਾਕਾਤ
ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜ਼ਮੀਨੀ ਹਕੀਕਤ ਜਾਣਨ ਵਾਸਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘੱਗਾ ਦੇ ਕਈ ਪਿੰਡਾਂ ਕਲਵਾਣੂ, ਡਰੌਲੀ, ਸ਼ੁਤਰਾਣਾ ਤੇ ਕਕਰਾਲਾ ਵਿੱਚ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਣ ਦੀ ਅਪੀਲ ਕਰਦਿਆਂ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਕਿਸਾਨਾਂ ਨੂੰ ਵਾਤਾਵਰਣ-ਅਨੁਕੂਲ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਅਪਣਾਉਣ ਲਈ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਕਿਸਾਨਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਪਿਛਲੇ ਸਾਲ ਪਟਿਆਲਾ ਜ਼ਿਲ੍ਹੇ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਪਗ 500 ਤੱਕ ਘਟ ਗਈਆਂ, ਜੋ ਕਿ ਪਿਛਲੇ ਸੀਜ਼ਨਾਂ ਨਾਲੋਂ ਕਾਫ਼ੀ ਘੱਟ ਹੈ। ਫ਼ਸਲਾਂ ਬਾਰੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦਿਆਂ ਡਾ. ਪ੍ਰੀਤੀ ਯਾਦਵ ਨੇ ਭਰੋਸਾ ਦਿਵਾਇਆ ਕਿ “ਸਰਕਾਰ ਪਰਾਲੀ ਪ੍ਰਬੰਧਨ ਲਈ ਹਰ ਸੰਭਵ ਸਹਾਇਤਾ ਦੇ ਰਹੀ ਹੈ। ਹੈਪੀ ਸੀਡਰ, ਸੁਪਰ-ਐਸਐਮਐਸ ਨਾਲ ਲੈਸ ਕੰਬਾਈਨ, ਬੇਲਰ ਅਤੇ ਹੋਰ ਮਸ਼ੀਨਰੀ ਵਰਗੇ ਉਪਕਰਣ ਪ੍ਰਦਾਨ ਕੀਤੇ ਜਾ ਰਹੇ ਹਨ ਤਾਂ ਜੋ ਖੇਤਾਂ ਨੂੰ ਅੱਗ ਲਗਾਏ ਬਿਨਾਂ ਅਗਲੀ ਫਸਲ ਲਈ ਤਿਆਰ ਕੀਤਾ ਜਾ ਸਕੇ। ਡੀ ਸੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਆਉਣ ਵਾਲੇ ਬਿਜਾਈ ਸੀਜ਼ਨ ਲਈ ਡੀਏਪੀ ਖਾਦ ਅਤੇ ਜ਼ਰੂਰੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਕਰਵਾਏਗਾ, ਜਿਸ ਲਈ ਕਿਸਾਨ ਜਲਦਬਾਜ਼ੀ ਵਿੱਚ ਖੇਤਾਂ ਨੂੰ ਅੱਗ ਨਾ ਲਗਾਉਣ। ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਘੱਗਰ ਨਦੀ ਦੇ ਨੇੜੇ ਪਿੰਡਾਂ ਦੇ ਵਸਨੀਕਾਂ ਦਾ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਕਿਸਾਨਾਂ ਨੇ ਪਰਾਲੀ ਪ੍ਰਬੰਧਨ ਬਾਰੇ ਆਪਣੀਆਂ ਚਿੰਤਾਵਾਂ ਅਤੇ ਸੁਝਾਅ ਸਾਂਝੇ ਕੀਤੇ ਅਤੇ ਇਸ ਸਾਲ ਖੇਤਾਂ ਵਿੱਚ ਅੱਗ ਲੱਗਣ ਤੋਂ ਰੋਕਣ ਲਈ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਮਗਰੋਂ ਡੀ ਸੀ ਨੇ ਖੇਤਾਂ ਦਾ ਦੌਰਾ ਕਰਕੇ ਝੋਨੇ ਦੀ ਬਿਮਾਰੀ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਪਿੰਡ ਸ਼ੇਰਗੜ੍ਹ ਤੇ ਹਰਿਆਊ ਖੁਰਦ ਵਿੱਚ ਐਸ ਡੀ ਐਮ ਅਸ਼ੋਕ ਕੁਮਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ਼ ਮੌਕੇ ਐੱਸ ਡੀ ਐੱਮ ਅਸ਼ੋਕ ਕੁਮਾਰ ਤੇ ਰਿਚਾ ਗੋਇਲ, ਡੀ ਐੱਸ ਪੀ ਇੰਦਰਪਾਲ ਸਿੰਘ ਚੌਹਾਨ ਤੇ ਫ਼ਤਿਹ ਸਿੰਘ ਬਰਾੜ ਆਦਿ ਮੌਜੂਦ ਸਨ।