ਦਲਬੀਰ ਰੰਧਾਵਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਡਾਇਰੈਕਟਰ ਦੇ ਵੱਕਾਰੀ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਦਲਬੀਰ ਸਿੰਘ ਰੰਧਾਵਾ (ਫੁਟਬਾਲ ਕੋਚ) ਅੱਜ ਕਾਂਗਰਸ ਪਾਰਟੀ ਨੂੰ ਛੱਡ ਦੇ ਭਾਜਪਾ ’ਚ ਸ਼ਾਮਲ ਹੋ ਗਏ। ਇਹ ਐਲਾਨ ਉਨ੍ਹਾਂ ਨੇ ਅੱਜ ਯੂਨੀਵਰਸਿਟੀ ਦੇ ਨਜ਼ਦੀਕ ਸਥਿਤ ਕਸਬਾ ਬਹਾਦਰਗੜ੍ਹ...
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਡਾਇਰੈਕਟਰ ਦੇ ਵੱਕਾਰੀ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਦਲਬੀਰ ਸਿੰਘ ਰੰਧਾਵਾ (ਫੁਟਬਾਲ ਕੋਚ) ਅੱਜ ਕਾਂਗਰਸ ਪਾਰਟੀ ਨੂੰ ਛੱਡ ਦੇ ਭਾਜਪਾ ’ਚ ਸ਼ਾਮਲ ਹੋ ਗਏ। ਇਹ ਐਲਾਨ ਉਨ੍ਹਾਂ ਨੇ ਅੱਜ ਯੂਨੀਵਰਸਿਟੀ ਦੇ ਨਜ਼ਦੀਕ ਸਥਿਤ ਕਸਬਾ ਬਹਾਦਰਗੜ੍ਹ ਵਿੱਚ ਇਕ ਸਮਾਗਮ ਦੌਰਾਨ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਰਸਮੀ ਤੌਰ ’ਤੇ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕੀਤਾ। ਇਸ ਮਗਰੋਂ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਹਰਪਾਲਪੁਰ, ਸਤਵੀਰ ਖੱਟੜਾ, ਜਗਦੀਸ਼ ਜੱਗਾ, ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ, ਹਰਮੇਸ਼ ਗੋਇਲ ਤੇ ਵਿਜੈ ਕੂਕਾ ਨੇ ਹਾਰ ਪਹਿਨਾ ਕੇ ਭਾਜਪਾ ਦੀ ਜ਼ਿਲ੍ਹਾ ਟੀਮ ਪਟਿਆਲਾ ਦੀ ਤਰਫ਼ੋਂ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਅਫਗਾਨਾ ਦੇ ਮੂਲ ਨਿਵਾਸੀ ਡਾ. ਦਲਬੀਰ ਕੋਚ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਕਰਦੇ ਹੋਣ ਕਰਕੇ ਕਾਫੀ ਸਮੇਂ ਤੋਂ ਪਰਿਵਾਰ ਸਮੇਤ ਪਟਿਆਲਾ ਵਿੱਚ ਹੀ ਰਹਿ ਰਹੇ ਹਨ। ਭਾਵੇਂ ਅਜਿਹੇ ਪੱਤੇ ਤਾਂ ਅਜੇ ਖੋਲ੍ਹੇ ਨਹੀਂ ਗਏ, ਪਰ ਜਿਵੇਂ ਆਪਣੇ ਹਮਾਇਤੀਆਂ ਦਾ ਵੱਡਾ ਇਕੱਠ ਕਰਕੇ ਡਾ. ਦਲਬੀਰ ਕੋਚ ਵੱਲੋਂ ਇੱਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਉਨ੍ਹਾਂ ਦੇ ਪਟਿਆਲਾ ਜ਼ਿਲ੍ਹੇ ਵਿਚਲੇ ਹੀ ਕਿਸੇ ਹਲਕੇ ਤੋਂ ਸਰਗਰਮ ਹੋਣ ਦੀਆਂ ਕਨਸੋਆਂ ਵੀ ਹਨ। ਇਸ ਦੌਰਾਨ ਪ੍ਰਨੀਤ ਕੌਰ ਨੇ ਪੰਜਾਬ ਅੰਦਰ ਭਾਜਪਾ ਦਾ ਦੇ ਗਰਾਫ ’ਚ ਕਾਫ਼ੀ ਉਭਾਰ ਆਉਣ ਦਾ ਦਾਅਵਾ ਕੀਤਾ ਗਿਆ ਉਥੇ ਹੀ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਦਾ ਕਹਿਣਾ ਸੀ ਕਿ 2027 ’ਚ ਭਾਜਪਾ ਲੋਕ ਇੱਛਾ ਮੁਤਾਬਿਕ ਆਪਣੀ ਸਰਕਾਰ ਬਣਾਵੇਗੀ। ਹਰਵਿੰਦਰ ਹਰਪਾਲਪੁਰ ਦਾ ਕਹਿਣਾ ਸੀ ਕਿ ਡਾ. ਦਲਬੀਰ ਦਾ ਪੰਜਾਬੀ ਯੂਨੀਵਰਸਿਟੀ ਸਮੇਤ ਪੰਜਾਬ ਦੇ ਕਈ ਵਿਦਿਅਕ ਅਦਾਰਿਆਂ ਵਿਚ ਵਧੇਰੇ ਆਧਾਰ ਹੈ। ਡਾ. ਦਲਬੀਰ ਰੰਧਾਵਾ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੁ ਤੋਂ ਹੀ ਕਾਂਗਰਸੀ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਅਤੇ ਦੇਸ਼ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਹਜ਼ਾਰਾਂ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋਏ। ਇਸ ਮੌਕੇ ਜਸਪਾਲ ਗਗਰੌਲੀ, ਮਹੰਤ ਰਾਜਿੰਦਰ ਪੁਰੀ ਸ਼ਾਹਬਾਦ, ਸ਼ਹਿਰੀ ਪ੍ਰਧਾਨ ਵਿਜੇ ਕੂਕਾ, ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ, ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ, ਲਾਭ ਸਿੰਘ ਭਟੇੜੀ, ਪ੍ਰੋ. ਵਿਰਕ, ਜਰਨੈਲ ਸਿੰਘ, ਪ੍ਰਿੰਸੀਪਲ ਬਹਾਦਰ ਸਿੰਘ ਤੇ ਇਕਬਾਲ ਸਿੰਘ ਆਦਿ ਮੌਜੂਦ ਸਨ।