ਝੰਬੋ ਵਾਲੀ ਚੋਅ ’ਚ ਦੋ ਥਾਵਾਂ ’ਤੇ ਪਾੜ ਕਾਰਨ ਫ਼ਸਲ ਡੁੱਬੀ
ਝੰਬੋ ਵਾਲੀ ਚੋਅ (ਭੁਪਿੰਦਰਾ ਸਾਗਰ) ਵਿੱਚ ਦੋ ਥਾਵਾਂ ’ਤੇ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਡੁੱਬ ਗਈ। ਪਿੰਡ ਦੁਗਾਲ ਦੇ ਨਜ਼ਦੀਕ ਅੱਜ ਸਵੇਰੇ ਤੜਕਸਾਰ ਡਰੇਨ ਵਿੱਚ ਕਰੀਬ 30 ਫੁੱਟ ਦੇ ਕਰੀਬ ਪਾੜ ਪੈਣ ਦੀ ਸੂਚਨਾ ਮਿਲਣ ’ਤੇ ਸਬ-ਡਿਵੀਜ਼ਨ ਪਾਤੜਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਦੀ ਦੇਖ ਰੇਖ ਕਰਦੇ ਕਰਨਲ ਵਿਨੋਦ ਸਿੰਘ ਰਾਵਤ ਦੀ ਅਗਵਾਈ ਵਿੱਚ ਪੁੱਜੇ ਫ਼ੌਜ ਦੇ ਜਵਾਨਾਂ ਨੇ ਭਾਰੀ ਮੁਸ਼ੱਕਤ ਮਗਰੋਂ ਬੰਨ੍ਹ ਪੂਰਿਆ। ਦੂਜੇ ਪਾਸੇ ਡਰੇਨ ਦੇ ਘੱਗਰ ਵਿੱਚ ਡਿੱਗਣ ਵਾਲੀ ਥਾਂ ’ਤੇ ਘੱਗਰ ਦੇ ਓਵਰਫਲੋਅ ਹੋਏ ਪਾਣੀ ਨੂੰ ਰੋਕਣ ਲਈ ਲਗਾਏ ਗਏ ਰੈਗੂਲੇਟਰ ਦੇ ਗੇਟ ਬੰਦ ਹੋਣ ਕਾਰਨ ਪਿੰਡ ਖੇੜੀ ਨਿਗਾਈਆਂ, ਦਿਓਗੜ੍ਹ ਅਤੇ ਹਰਿਆਊ ਖੁਰਦ ਪਾਣੀ ਦੀ ਮਾਰ ਹੇਠ ਆ ਗਏ ਤੇ ਸੈਂਕੜੇ ਏਕੜ ਫਸਲ ਡੁੱਬ ਗਈ। ਪਿੰਡ ਦੁਗਾਲ ਵਾਸੀ ਦਰਸ਼ਨ ਸਿੰਘ ਕਾਲੇਕਾ, ਪਰਮਜੀਤ ਸਿੰਘ, ਕਿਸਾਨ ਆਗੂ ਸੁਖਦੇਵ ਸਿੰਘ ਹਰਿਆਊ, ਭਗਵੰਤ ਸਿੰਘ, ਮੁਖਤਿਆਰ ਸਿੰਘ, ਬਲਵੀਰ ਸਿੰਘ, ਨਾਹਰ ਸਿੰਘ ਦਿਉਗੜ੍ਹ ਤੇ ਲਾਭ ਸਿੰਘ ਦੁਗਾਲ ਆਦਿ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਆਉਣ ਵਾਲੇ ਹੜ੍ਹ ਕਾਰਨ ਹਰ ਸਾਲ ਝੰਬੋ ਵਾਲੀ ਚੋਅ ਦੇ ਪਿੰਡ ਖਾਨੇਵਾਲ ਦੀ ਨਜ਼ਦੀਕ ਡਰੇਨ ਘੱਗਰ ਦਰਿਆ ਵਿੱਚ ਡਿੱਗਦੀ ਹੈ। ਘੱਗਰ ਦਰਿਆ ਦਾ ਪਾਣੀ ਡਰੇਨ ਰਾਹੀਂ ਵਾਪਸ ਆ ਕੇ ਲੋਕਾਂ ਦਾ ਨੁਕਸਾਨ ਨਾ ਕਰੇ ਇਸ ਮਕਸਦ ਨਾਲ ਡਰੇਨੇਜ ਵਿਭਾਗ ਵੱਲੋਂ ਲਾਏ ਰੈਗੂਲੇਟਰ ਦੇ ਗੇਟ ਬੰਦ ਕਰ ਦਿੱਤੇ ਜਾਣ ਕਰਕੇ ਭੁਪਿੰਦਰਾ ਸਾਗਰ ਡਰੇਨ ਵਿੱਚ ਆਉਣ ਵਾਲਾ ਪਾਣੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਹਰ ਸਾਲ ਤਬਾਹ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਸਮੇਤ ਉਪਰਲੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਰਕੇ ਝੰਬੋ ਵਾਲੀ ਚੋਅ ਪਾਣੀ ਲਗਾਤਾਰ ਵੱਧ ਗਿਆ ਹੈ। ਅੱਧੀ ਦਰਜਨ ਦੇ ਕਰੀਬ ਪਿੰਡਾਂ ਵਿੱਚ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ ਜਦੋਂ ਕਿ ਹਜ਼ਾਰਾਂ ਏਕੜ ਹੋਰ ਫ਼ਸਲ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਡਰੇਨ ਦੇ ਦੋਵੇਂ ਪਾਸੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਹਰ ਸਾਲ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ।