ਨਾਭਾ ਨਗਰ ਕੌਂਸਲ ਦੇ 11 ਕੌਂਸਲਰਾਂ ਨੇ ਨਾਭਾ ਵਿਧਾਇਕ ਨੂੰ ਸਾਂਝਾ ਪੱਤਰ ਲਿਖ ਕੇ ਵਾਅਦੇ ਮੁਤਾਬਕ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫ਼ਾ ਦਰਜ ਕਰਾਉਣ ਦੀ ਮੰਗ ਕੀਤੀ ਤੇ ਲਿਖਿਆ ਕਿ ਜੇਕਰ ਉਨ੍ਹਾਂ ਦਾ ਅਸਤੀਫ਼ਾ ਨਹੀਂ ਮਿਲਦਾ ਤਾਂ ਉਹ ਕੌਂਸਲਰਾਂ ਦਾ ਅਸਤੀਫ਼ਾ ਸਵੀਕਾਰ ਕਰਨ। ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਇੱਕ ਅਕਾਲੀ ਦਲ ਦੇ ਕੌਂਸਲਰ ਵਿਦੇਸ਼ ’ਚ ਹਨ ਤੇ ਉਨ੍ਹਾਂ ਦੀ ਵੀ ਸਹਿਮਤੀ ਉਨ੍ਹਾਂ ਸਾਰਿਆਂ ਨਾਲ ਹੈ। ਦੱਸਣਯੋਗ ਹੈ ਕਿ ਪੱਤਰ ਲਿਖਣ ਵਾਲਿਆਂ ਵਿੱਚ 8 ਕੌਂਸਲਰ ਆਮ ਆਦਮੀ ਪਾਰਟੀ ਤੋਂ ਹਨ।
ਇਸ ਮੌਕੇ ‘ਆਪ’ ਆਗੂ ਤੇ ਕੌਂਸਲਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਟਰਾਲੀ ਚੋਰੀ ਦੇ ਦੋਸ਼ਾਂ ਵਿੱਚ ਘਿਰੇ ਪੰਕਜ ਪੱਪੂ ਦੀ ਪਤਨੀ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ 17 ਕੌਂਸਲਰਾਂ ਵੱਲੋਂ ਬੇਭਰੋਸਗੀ ਮਤੇ ਦੀ ਅਰਜ਼ੀ ਦਿੱਤੀ ਗਈ ਸੀ ਪਰ ਵਿਧਾਇਕ ਨੇ ਕੌਂਸਲਰਾਂ ਨਾਲ ਮੀਟਿੰਗ ਕਰ ਕੇ ਕਿਹਾ ਸੀ ਕਿ ਉਨ੍ਹਾਂ ਕੋਲ ਪ੍ਰਧਾਨ ਦਾ ਅਸਤੀਫ਼ਾ ਆ ਗਿਆ ਹੈ ਤੇ ਕੌਂਸਲਰ ਬੇਭਰੋਸਗੀ ਦਾ ਮਤਾ ਨਾ ਪਾਉਣ। ਉਨ੍ਹਾਂ ਦੱਸਿਆ ਕਿ ਸਮਝੌਤੇ ਤਹਿਤ ਉਹ ਬੇਭਰੋਸਗੀ ਮਤੇ ਦੀ ਮੀਟਿੰਗ ਵਿੱਚੋਂ ਗੈਰ-ਹਾਜ਼ਰ ਰਹੇ ਪਰ ਵਿਧਾਇਕ ਨੇ ਅਸਤੀਫ਼ਾ ਦਰਜ ਕਰਾਉਣ ਦੀ ਬਜਾਇ ਪ੍ਰਧਾਨ ਨੂੰ ਛੁੱਟੀ ’ਤੇ ਭੇਜ ਦਿੱਤਾ ਜਿਸ ਕਾਰਨ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਸਾਹਨੀ ਕਾਰਜਕਾਰੀ ਪ੍ਰਧਾਨ ਬਣੇ।
ਦੂਜੇ ਪਾਸੇ, ਕੌਂਸਲਰ ਗੁਰਸੇਵਕ ਸਿੰਘ ਨੇ ਦੋਸ਼ ਲਾਏ ਕਿ ਪੰਕਜ ਪੱਪੂ ਨਗਰ ਕੌਂਸਲ ’ਚ ਉਸੇ ਤਰੀਕੇ ਸਰਗਰਮ ਹੈ ਜਿਸ ਕਾਰਨ ਉਹ ਵਿਧਾਇਕ ਨੂੰ ਆਪਣਾ ਵਾਅਦਾ ਯਾਦ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਸੁਜਾਤਾ ਚਾਵਲਾ ਦਾ ਅਸਤੀਫਾ ਦਰਜ ਕਰਾਉਣ ’ਚ ਅਸਮਰੱਥ ਹਨ ਤਾਂ ਉਨ੍ਹਾਂ ਸਾਰਿਆਂ ਦਾ ਅਸਤੀਫਾ ਮਨਜ਼ੂਰ ਕਰਨ। ਬਹੁਗਿਣਤੀ ਕੌਂਸਲਰਾਂ ਦੇ ਅਸਤੀਫ਼ੇ ਨਾਲ ਹਾਊਸ ਵਿੱਚ ਕੋਈ ਮਤੇ ਪਾਸ ਨਹੀਂ ਹੋਣਗੇ।
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਸੁਜਾਤਾ ਚਾਵਲਾ ਦਾ ਅਸਤੀਫ਼ਾ ਉਨ੍ਹਾਂ ਕੋਲ ਹੈ ਤੇ ਉਹ ਹੁਣ ਪ੍ਰਧਾਨ ਨਹੀਂ ਹਨ।
ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਬਦਲਿਆ
ਨਾਭਾ ਨਗਰ ਕੌਂਸਲ ਵਿੱਚ ਅੱਜ ਸਿਆਸੀ ਦਾਅ-ਪੇਚ ਚੱਲਦੇ ਰਹੇ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅੱਜ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਸਾਹਨੀ (ਜੋ ਕਾਰਜਕਾਰੀ ਪ੍ਰਧਾਨ ਸਨ) ਨੂੰ ਬਦਲ ਕੇ ਮੀਤ ਪ੍ਰਧਾਨ ਜਸਦੀਪ ਸਿੰਘ ਖੰਨਾ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਹੈ। ਅਮਰਜੀਤ ਕੌਰ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੂੰ ਛੁੱਟੀ ’ਤੇ ਜਾਣ ਨੂੰ ਕਿਹਾ ਗਿਆ ਸੀ ਪਰ ਉਨ੍ਹਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਹੀ ਅਸਤੀਫਾ ਦੇ ਦਿੱਤਾ। ਇਸ ਤਰੀਕੇ ਮੀਤ ਪ੍ਰਧਾਨ ਜਸਦੀਪ ਖੰਨਾ ਹੁਣ ਕਾਰਜਕਾਰੀ ਪ੍ਰਧਾਨ ਬਣ ਗਏ ਹਨ। ਹਾਲਾਂਕਿ ਇਸ ਫੇਰਬਦਲ ਦੇ ਕਾਰਨ ਸਪਸ਼ਟ ਨਹੀਂ ਹੋਏ ਪਰ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਅਮਰਜੀਤ ਕੌਰ ਸਾਹਨੀ ਦੀ ਦੋ ਮਹੀਨੇ ਦੀ ਸੇਵਾ ਹੋ ਗਈ ਸੀ।

