ਪਟਿਆਲਾ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਮੁਹਿੰਮ
ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਪਟਿਆਲਾ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਉਨ੍ਹਾਂ ਨੇ ‘ਪਲਾਸਟਿਕ ਨੂੰ ਕਰੋ ਨਾਂਹ, ਕੱਪੜੇ ਦੇ ਥੈਲੇ ਨੂੰ ਕਰੋ ਹਾਂ’ ਸਲੋਗਨ ਤਹਿਤ ਮੁਹਿੰਮ ਸ਼ੁਰੂ ਕੀਤੀ ਹੈ। ਸਵੱਛ ਪਟਿਆਲਾ ਮੁਹਿੰਮ ਤਹਿਤ ਅੱਜ ਨਾਮੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਨਹਿਰੂ ਪਾਰਕ ਵਿੱਚ ਪਲਾਸਟਿਕ ਵਿਰੁੱਧ ਬੋਲਦਿਆਂ ਮੇਅਰ ਕੁੰਦਨ ਗੋਗੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਮੁਕਤ ਪਟਿਆਲਾ ਬਣਾਉਣਾ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਦੱਸਿਆ ਕੋਈ ਵਸਤੂ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਨਹੀਂ ਲਿਆਉਣੀ ਚਾਹੀਦੀ। ਸੁਸਾਇਟੀ ਦੇ ਨੁਮਾਇੰਦਿਆਂ ਨੇ ਨਹਿਰੂ ਪਾਰਕ ਵਿਚੋਂ ਸਫ਼ਾਈ ਦੇ ਮੰਤਵ ਨਾਲ ਦੋ ਰੇਹੜੀਆਂ ਪਲਾਸਟਿਕ ਦੇ ਲਿਫ਼ਾਫ਼ੇ ਆਦਿ ਇਕੱਠੇ ਕੀਤੇ। ਨੁਮਾਇੰਦਿਆਂ ਵੱਲੋਂ ਲੋਕਾਂ ਨੂੰ ਰੀਸਾਈਕਲ, ਰਹਿੰਦ -ਖੂੰਹਦ ਕੂੜੇ ਨੂੰ ਵੱਖ ਕਰਨ ,ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਆਪਣੇ ਆਲੇ ਦੁਆਲੇ ਹਰਿਆਲੀ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਿੱਚ ਬ੍ਰਿਟਿਸ਼ ਪਬਲਿਕ ਅਕੈਡਮੀ ਮਰਦਾਹੇੜੀ ਦਾ ਸਮੂਹ ਸਟਾਫ਼ ਐੱਮਡੀ ਹਰਵਿੰਦਰ ਸਿੰਘ ਔਲਖ, ਪ੍ਰਿੰਸੀਪਲ ਗੀਤਾ ਦੇਵੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ‘ਨੋ-ਪਲਾਸਟਿਕ’ ਵਿਰੁੱਧ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਤਮਾਸ਼ਾ ਆਰਟ ਥੀਏਟਰ ਗਰੁੱਪ ਵੱਲੋਂ ਪਲਾਸਟਿਕ ਵਿਰੁੱਧ ਤੇ ਸਾਫ਼ ਸਫ਼ਾਈ ਰੱਖਣ ਸਬੰਧੀ ਖੇਡਿਆ ਨੁੱਕੜ ਨਾਟਕ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ। ਸਕੂਲ ਅਧਿਆਪਕ ਪ੍ਰਭਜੋਤ ਕੌਰ, ਅਮਨਦੀਪ, ਸੀਮਾ ਸ਼ਰਮਾ, ਨਿਧੀ, ਰਮਨਦੀਪ, ਸੋਨੀਆ, ਲਖਵਿੰਦਰ ਸਿੰਘ, ਮੋਹਨ ਖੰਨਾ, ਜਤਿੰਦਰ ਸਿੰਘ, ਐਡਵੋਕੇਟ ਹਰਜਿੰਦਰ ਸਿੰਘ, ਜਰਮਨੀ ਤੋਂ ਕਮਲ ਬਾਂਸਲ ਤੋਂ ਇਲਾਵਾ ਲਗਭਗ 100 ਦੇ ਕਰੀਬ ਦਰਸ਼ਕਾਂ ਨੇ ਇਸ ਨਾਟਕ ਦਾ ਭਰਪੂਰ ਮਨੋਰੰਜਨ ਕੀਤਾ।